ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸਪਾਈਸਜੈੱਟ ਦੀ ਦੁਬਈ ਜਾਣ ਵਾਲੀ ਉਡਾਣ ਲੰਬੀ ਦੇਰੀ ਦਾ ਸ਼ਿਕਾਰ ਹੋ ਗਈ। ਫਲਾਈਟ ਦੇ 17 ਘੰਟੇ ਲੇਟ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਯਾਤਰੀਆਂ ਨੇ ਏਅਰਲਾਈਨ ਪ੍ਰਬੰਧਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਜਾਣਕਾਰੀ ਮੁਤਾਬਕ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਦਾ ਪਹਿਲਾਂ ਨਿਰਧਾਰਤ ਸਮਾਂ ਸਵੇਰੇ 8:40 ਵਜੇ ਸੀ। ਬਾਅਦ ਵਿੱਚ ਇਸ ਨੂੰ ਬਦਲ ਕੇ ਸਵੇਰੇ 11:00 ਵਜੇ ਕਰ ਦਿੱਤਾ ਗਿਆ। ਜਦੋਂ ਯਾਤਰੀ ਏਅਰਪੋਰਟ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਚਾਨਕ ਦੱਸਿਆ ਗਿਆ ਕਿ ਫਲਾਈਟ ਹੁਣ ਕਰੀਬ 17 ਘੰਟਿਆਂ ਦੀ ਦੇਰੀ ਨਾਲ ਰਵਾਨਾ ਹੋਵੇਗੀ।
ਇੰਨੀ ਲੰਬੀ ਦੇਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਯਾਤਰੀਆਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਏਅਰਲਾਈਨ ਕਾਊਂਟਰ ‘ਤੇ ਆਪਣੀ ਨਾਰਾਜ਼ਗੀ ਜਤਾਈ। ਯਾਤਰੀਆਂ ਦਾ ਦੋਸ਼ ਹੈ ਕਿ ਏਅਰਲਾਈਨ ਵੱਲੋਂ ਨਾ ਤਾਂ ਦੇਰੀ ਦਾ ਸਪੱਸ਼ਟ ਕਾਰਨ ਦੱਸਿਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਜ਼ਿੰਮੇਵਾਰ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਮੌਜੂਦ ਹੈ।
ਯਾਤਰੀਆਂ ਨੇ ਲਗਾਏ ਇਹ ਦੋਸ਼
ਯਾਤਰੀਆਂ ਨੇ ਦੱਸਿਆ ਕਿ ਲੰਬੀ ਦੇਰੀ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਰਿਫੰਡ, ਵਿਕਲਪਿਕ ਉਡਾਣ ਜਾਂ ਰਹਿਣ ਲਈ ਹੋਟਲ ਦੀ ਕੋਈ ਪੱਕੀ ਜਾਣਕਾਰੀ ਨਹੀਂ ਦਿੱਤੀ ਗਈ। ਪਰਿਵਾਰਾਂ ਅਤੇ ਬੱਚਿਆਂ ਸਮੇਤ ਯਾਤਰੀ ਕਈ ਘੰਟਿਆਂ ਤੋਂ ਏਅਰਪੋਰਟ ‘ਤੇ ਪਰੇਸ਼ਾਨ ਰਹੇ।
ਉਨ੍ਹਾਂ ਦਾ ਕਹਿਣਾ ਹੈ ਕਿ ਅਚਾਨਕ ਹੋਈ ਦੇਰੀ ਕਾਰਨ ਉਨ੍ਹਾਂ ਦੇ ਜ਼ਰੂਰੀ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਏਅਰਲਾਈਨ ਨੂੰ ਯਾਤਰੀਆਂ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਸਨ।
ਡੀਜੀਸੀਏ ਨਿਯਮਾਂ ਦੀ ਪਾਲਣਾ ਦੀ ਮੰਗ
ਯਾਤਰੀਆਂ ਨੇ ਨਾਗਰਿਕ ਹਵਾਬਾਜ਼ੀ ਮਹਾਨਿਰਦੇਸ਼ਾਲੇ (DGCA) ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੰਬੀ ਦੇਰੀ ਦੀ ਸਥਿਤੀ ਵਿੱਚ ਯਾਤਰੀਆਂ ਨੂੰ ਜਾਣਕਾਰੀ, ਰਿਫੰਡ ਜਾਂ ਵਿਕਲਪਿਕ ਯਾਤਰਾ ਦੀ ਸਹੂਲਤ ਮਿਲਣੀ ਚਾਹੀਦੀ ਹੈ।
