ਜਲੰਧਰ ਵਿੱਚ ਵਪਾਰੀ ਤੋਂ 10 ਲੱਖ ਦੀ ਲੁੱਟ

ਜਲੰਧਰ ਵਿੱਚ ਅੱਡਾ ਹੁਸ਼ਿਆਰਪੁਰ ਚੌਕ ਨੇੜੇ ਪੈਟਰੋਲ ਪੰਪ ਕੋਲ ਇਲੈਕਟ੍ਰਾਨਿਕਸ ਵਪਾਰੀ ਸਰਨਪਾਲ ਸਿੰਘ ਨਾਲ ਕਰੀਬ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਵਪਾਰੀ ਆਪਣੀ ਕਾਰ ਵਿੱਚ ਜਾ ਰਿਹਾ ਸੀ ਜਦੋਂ ਪੀ.ਐੱਨ.ਬੀ. ਚੌਕ ਨੇੜੇ ਉਸ ਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ। ਜਦੋਂ ਉਹ ਪੈਟਰੋਲ ਪੰਪ ਕੋਲ ਕਾਰ ਵਿੱਚ ਹਵਾ ਭਰਵਾਉਣ ਲਈ ਹੇਠਾਂ ਉਤਰਿਆ, ਤਾਂ ਅਣਪਛਾਤੇ ਲੁਟੇਰਿਆਂ ਨੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦੀ ਕਾਬੂ ਕਰਨ ਲਈ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।