ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰਨ ਵਾਲੀ ਦੁਪਹਿਰ ਦੀ ਫਲਾਈਟ ਦੇ ਸਮੇਂ ਵਿੱਚ 10 ਸਤੰਬਰ ਤੋਂ ਅਹਿਮ ਤਬਦੀਲੀ ਕੀਤੀ ਗਈ ਹੈ। ਇਸ ਬਦਲਾਅ ਨਾਲ ਰੈਗੂਲਰ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਏਅਰਪੋਰਟ ਦੇ ਡਾਇਰੈਕਟਰ ਜੰਗੀਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਨਵੇਂ ਸ਼ਡਿਊਲ ਮੁਤਾਬਕ ਦਿੱਲੀ ਤੋਂ ਚੱਲਣ ਵਾਲੀ ਦੁਪਹਿਰ ਦੀ ਫਲਾਈਟ ਦੁਪਹਿਰ 3:35 ਵਜੇ ਹਲਵਾਰਾ ਏਅਰਪੋਰਟ ਪਹੁੰਚੇਗੀ ਅਤੇ ਉੱਥੋਂ ਸ਼ਾਮ 4:05 ਵਜੇ ਵਾਪਸ ਦਿੱਲੀ ਲਈ ਰਵਾਨਾ ਹੋਵੇਗੀ।
ਰੈਗੂਲਰ ਯਾਤਰੀਆਂ ਵੱਲੋਂ ਇਸ ਸਮੇਂ ਵਿੱਚ ਤਬਦੀਲੀ ਲਈ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਏਅਰ ਇੰਡੀਆ ਨੇ ਇਹ ਫ਼ੈਸਲਾ ਲਿਆ ਹੈ। ਇਸ ਨਵੇਂ ਟਾਈਮ ਟੇਬਲ ਨਾਲ ਯਾਤਰੀਆਂ ਨੂੰ ਆਉਣ-ਜਾਣ ਵਿੱਚ ਕਾਫ਼ੀ ਸਹੂਲਤ ਮਿਲੇਗੀ।
ਡਾਇਰੈਕਟਰ ਜੰਗੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਿਰਫ਼ ਦੁਪਹਿਰ ਦੀ ਫਲਾਈਟ ਦੇ ਸਮੇਂ ਵਿੱਚ ਹੀ ਬਦਲਾਅ ਕੀਤਾ ਗਿਆ ਹੈ, ਜਦਕਿ ਸਵੇਰ ਦੀ ਫਲਾਈਟ ਪਹਿਲਾਂ ਵਾਂਗ ਆਪਣੇ ਨਿਰਧਾਰਤ ਸਮੇਂ ਉੱਤੇ ਹੀ ਚੱਲਦੀ ਰਹੇਗੀ।
ਸਮੇਂ ਵਿੱਚ ਕੀਤੀ ਗਈ ਇਸ ਤਬਦੀਲੀ ਕਾਰਨ ਹਲਵਾਰਾ ਤੋਂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚ ਭਾਰੀ ਖ਼ੁਸ਼ੀ ਦੀ ਲਹਿਰ ਹੈ।
