ਬਠਿੰਡਾ: ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਇੱਕੋ ਦਿਨ ਚਾਰ ਲੋਕਾਂ ਦੀ ਅਚਾਨਕ ਮੌਤ ਹੋਣ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਮੁੱਢਲੀ ਜਾਣਕਾਰੀ ਮੁਤਾਬਕ ਚਾਰਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਸਿਰਫ਼ ਇੱਕ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ
ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਪਿੰਡ ਕੋਟਸ਼ਮੀਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ (30), ਗੁਰਮੇਲ ਸਿੰਘ (35), ਗਾਂਧੀ ਸਿੰਘ (46) ਅਤੇ ਗੁਰਜੰਟ ਸਿੰਘ (70) ਦੀ ਮੌਤ ਹੋਈ। ਚਾਰਾਂ ਦੀ ਅਚਾਨਕ ਮੌਤ ਦੀ ਖ਼ਬਰ ਫੈਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ
ਪਰਿਵਾਰਾਂ ਨੇ ਦੱਸਿਆ ਹਾਰਟ ਅਟੈਕ ਕਾਰਨ
ਕੋਟਸ਼ਮੀਰ ਨਗਰ ਪੰਚਾਇਤ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਮੌਤ ਦੇ ਕਾਰਨ ਬਾਰੇ ਜਾਣਕਾਰੀ ਲਈ ਗਈ। ਪਰਿਵਾਰਾਂ ਵੱਲੋਂ ਚਾਰਾਂ ਦੀ ਮੌਤ ਹਾਰਟ ਅਟੈਕ ਕਾਰਨ ਹੋਣ ਦੀ ਗੱਲ ਦੱਸੀ ਗਈ।
ਉਨ੍ਹਾਂ ਮੁਤਾਬਕ ਚਾਰ ਲੋਕਾਂ ਦੀ ਇੱਕੋ ਦਿਨ ਹੋਈ ਮੌਤ ਕਾਰਨ ਪਿੰਡ ਵਾਸੀਆਂ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਗਿਆ।
ਸਿਰਫ਼ ਗੁਰਪ੍ਰੀਤ ਸਿੰਘ ਦਾ ਹੋਇਆ ਪੋਸਟਮਾਰਟਮ
ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ, ਜਦਕਿ ਬਾਕੀ ਤਿੰਨ ਮ੍ਰਿਤਕਾਂ ਦੇ ਪਰਿਵਾਰਾਂ ਨੇ ਪੋਸਟਮਾਰਟਮ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪੁਲਿਸ ਨੇ ਵੀ ਕੀਤੀ ਪੁਸ਼ਟੀ
ਥਾਣਾ ਸਦਰ ਦੇ ਐੱਸਐੱਚਓ ਮੁਨੀਸ਼ ਕੁਮਾਰ ਨੇ ਗੁਰਪ੍ਰੀਤ ਸਿੰਘ ਦੀ ਅਚਾਨਕ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਪੁਲਿਸ ਵਿਭਾਗ ਵਿੱਚੋਂ ਮੁਅੱਤਲ ਚੱਲ ਰਿਹਾ ਸੀ।
ਇੱਕੋ ਦਿਨ ਚਾਰ ਮੌਤਾਂ ਹੋਣ ਦੀ ਘਟਨਾ ਨੇ ਪਿੰਡ ਕੋਟਸ਼ਮੀਰ ਵਿੱਚ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਲਾਂਕਿ ਚਾਰਾਂ ਮੌਤਾਂ ਨੂੰ ਹਾਰਟ ਅਟੈਕ ਨਾਲ ਜੋੜਿਆ ਜਾ ਰਿਹਾ ਹੈ, ਪਰ ਤਿੰਨ ਮਾਮਲਿਆਂ ਵਿੱਚ ਪੋਸਟਮਾਰਟਮ ਨਾ ਹੋਣ ਕਾਰਨ ਉਨ੍ਹਾਂ ਦੀ ਮੌਤ ਦਾ ਕਾਰਨ ਸੁਤੰਤਰ ਤੌਰ ’ਤੇ ਪੁਸ਼ਟ ਨਹੀਂ ਹੋ ਸਕਿਆ।
