PM ਮੋਦੀ ਨੇ ਹੁਗਲੀ ਨਦੀ ਵਿੱਚ ਲਈ ਬੇੜੀ ਦੀ ਸਵਾਰੀ; ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਇਤਿਹਾਸਕ ਵੋਟਿੰਗ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਪੀਐਮ ਮੋਦੀ ਨੇ ਕੋਲਕਾਤਾ ਵਿੱਚ ਹੁਗਲੀ ਨਦੀ ਦੇ ਕੰਢੇ ਸਮਾਂ ਬਿਤਾਇਆ ਅਤੇ ਬੇੜੀ ਦੀ ਸਵਾਰੀ ਦਾ ਅਨੰਦ ਲਿਆ

ਕੈਮਰਾ ਫੜ ਕੇ ਖਿੱਚੀਆਂ ਤਸਵੀਰਾਂ
ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੀ ਇਸ ਯਾਤਰਾ ਦੀਆਂ ਝਲਕੀਆਂ ਦਿਖਾਈਆਂ। ਤਸਵੀਰਾਂ ਵਿੱਚ ਉਹ ਹੱਥ ਵਿੱਚ ਕੈਮਰਾ ਫੜ ਕੇ ਇੱਕ ਲੱਕੜ ਦੀ ਬੇੜੀ ਵਿੱਚ ਬੈਠੇ ਦਿਖਾਈ ਦੇ ਰਹੇ ਹਨ, ਜਿਸਦੇ ਪਿਛੋਕੜ ਵਿੱਚ ਮਸ਼ਹੂਰ ਵਿਦਿਆਸਾਗਰ ਸੇਤੂ ਨਜ਼ਰ ਆ ਰਿਹਾ ਹੈ।

“ਮਾਂ ਗੰਗਾ ਬੰਗਾਲ ਦੀ ਰੂਹ ਵਿੱਚ ਵਸਦੀ ਹੈ”
ਪੀਐਮ ਮੋਦੀ ਨੇ ਆਪਣੀ ਪੋਸਟ ਵਿੱਚ ਭਾਵੁਕ ਹੁੰਦਿਆਂ ਲਿਖਿਆ:

“ਹਰ ਬੰਗਾਲੀ ਲਈ ਗੰਗਾ ਦਾ ਸਥਾਨ ਬਹੁਤ ਖਾਸ ਹੈ। ਇਹ ਕਿਹਾ ਜਾ ਸਕਦਾ ਹੈ ਕਿ ਗੰਗਾ ਬੰਗਾਲ ਦੀ ਰੂਹ ਵਿੱਚ ਵਗਦੀ ਹੈ। ਅੱਜ ਸਵੇਰੇ ਕੋਲਕਾਤਾ ਵਿੱਚ ਹੁਗਲੀ ਨਦੀ ਦੇ ਕੰਢੇ ਸਮਾਂ ਬਿਤਾਉਣ ਅਤੇ ਮਾਂ ਗੰਗਾ ਦਾ ਧੰਨਵਾਦ ਕਰਨ ਦਾ ਮੌਕਾ ਮਿਲਿਆ।”

ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਪੱਛਮੀ ਬੰਗਾਲ ਦੇ ਵਿਕਾਸ ਅਤੇ ਬੰਗਾਲੀ ਲੋਕਾਂ ਦੀ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ

ਸਥਾਨਕ ਲੋਕਾਂ ਅਤੇ ਮਲਾਹਾਂ ਨਾਲ ਮੁਲਾਕਾਤ
ਬੇੜੀ ਦੀ ਸਵਾਰੀ ਦੌਰਾਨ ਪੀਐਮ ਮੋਦੀ ਨੇ ਨਦੀ ਦੇ ਕੰਢੇ ਸਵੇਰ ਦੀ ਸੈਰ ਕਰ ਰਹੇ ਸਥਾਨਕ ਲੋਕਾਂ ਅਤੇ ਬੇੜੀ ਚਲਾਉਣ ਵਾਲੇ ਮਲਾਹਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਹੱਥ ਹਿਲਾ ਕੇ ਲੋਕਾਂ ਦਾ ਅਭਿਵੰਦਨ ਕੀਤਾ, ਜਿਸ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਪਹਿਲੇ ਪੜਾਅ ਵਿੱਚ ਹੋਈ ਰਿਕਾਰਡ ਤੋੜ ਵੋਟਿੰਗ
ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਵੀਰਵਾਰ ਸ਼ਾਮ ਨੂੰ ਖ਼ਤਮ ਹੋਈ ਹੈ। ਚੋਣ ਕਮਿਸ਼ਨ ਅਨੁਸਾਰ ਇਸ ਵਾਰ 92.88 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ, ਜੋ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਮਤਦਾਨ ਹੈ। ਹੁਣ ਦੂਜੇ ਪੜਾਅ ਦੀ ਵੋਟਿੰਗ 29 ਅਪ੍ਰੈਲ ਨੂੰ ਹੋਣੀ ਤੈਅ ਹੈ