ਸ਼ੂਟਿੰਗ ਦੋਰਾਨ ਹੋਇਆ ਹਾਦਸਾ: ਮਸ਼ਹੂਰ ਅਦਾਕਾਰ ਦੀ ਹੋਈ ਮੌਤ

ਬੰਗਾਲੀ ਮਨੋਰੰਜਨ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਰਾਹੁਲ ਅਰੁਣੋਦਯ ਬੈਨਰਜੀ, ਜੋ ਕਿ 43 ਸਾਲਾਂ ਦੇ ਸਨ, ਦਾ ਓਡੀਸ਼ਾ ਦੇ ਤਲਸਾਰੀ ਬੀਚ ‘ਤੇ ਇੱਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਹੈ। ਇਹ ਹਾਦਸਾ ਐਤਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਆਉਣ ਵਾਲੀ ਸੀਰੀਜ਼ ‘ਭੋਲੇ ਬਾਬਾ ਪਾਰ ਕਰੇਗਾ’ ਦੀ ਸ਼ੂਟਿੰਗ ਕਰ ਰਹੇ ਸਨ।

ਹਾਦਸਾ ਕਿਵੇਂ ਵਾਪਰਿਆ?

ਸੀਰੀਜ਼ ਦੇ ਨਿਰਦੇਸ਼ਕ ਸੁਭਾਸ਼ੀਸ਼ ਮੰਡਲ ਅਨੁਸਾਰ, ਉਸ ਦਿਨ ਦਾ ਕੰਮ ਲਗਭਗ ਖਤਮ ਹੋ ਚੁੱਕਾ ਸੀ। ਪਰ ਰਾਹੁਲ ਇੱਕ ਖਾਸ ਡਰੋਨ ਸ਼ਾਟ ਲੈਣ ਲਈ ਜ਼ਿੱਦ ਕਰ ਰਹੇ ਸਨ। ਉਹ ਆਪਣੀ ਸਹਿ-ਅਦਾਕਾਰਾ ਸ਼ਵੇਤਾ ਮਿਸ਼ਰਾ ਨਾਲ ਸਮੁੰਦਰ ਦੇ ਪਾਣੀ ਵਿੱਚ ਇੱਕ ਸੀਨ ਫਿਲਮਾ ਰਹੇ ਸਨ। ਪਹਿਲਾ ਸ਼ਾਟ ਸਹੀ ਰਿਹਾ, ਪਰ ਜਦੋਂ ਪਾਣੀ ਦੀਆਂ ਲਹਿਰਾਂ ਵੱਧਣ ਲੱਗੀਆਂ ਤਾਂ ਸ਼ਵੇਤਾ ਡਰ ਕੇ ਬਾਹਰ ਆ ਗਈ।

ਰਾਹੁਲ ਨੇ ਇਕੱਲਿਆਂ ਹੀ ਇੱਕ ਹੋਰ ਬਿਹਤਰ ਸ਼ਾਟ ਦੇਣ ਦਾ ਫੈਸਲਾ ਕੀਤਾ ਅਤੇ ਉਹ ਪਾਣੀ ਦੇ ਕਾਫੀ ਅੰਦਰ ਚਲੇ ਗਏ। ਟੀਮ ਦੇ ਮੈਂਬਰਾਂ ਦੇ ਰੋਕਣ ਦੇ ਬਾਵਜੂਦ ਉਹ ਅੱਗੇ ਵੱਧਦੇ ਰਹੇ, ਜਿਸ ਦੌਰਾਨ ਇੱਕ ਤੇਜ਼ ਲਹਿਰ ਆਈ ਅਤੇ ਉਹ ਪਾਣੀ ਵਿੱਚ ਡੁੱਬ ਗਏ। ਹਾਲਾਂਕਿ ਬਚਾਅ ਟੀਮ ਨੇ ਉਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਕਾਰਵਾਈ ਅਤੇ ਜਾਂਚ

ਪੁਲਿਸ ਨੇ ਇਸ ਮਾਮਲੇ ਵਿੱਚ ‘ਗੈਰ-ਕੁਦਰਤੀ ਮੌਤ’ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਸ਼ੁਰੂਆਤੀ ਤੌਰ ‘ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਣੀ ਵਿੱਚ ਸ਼ਾਇਦ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੋਵੇ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਸ਼ੂਟਿੰਗ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।

ਫਿਲਹਾਲ ਅਦਾਕਾਰ ਦੀ ਮ੍ਰਿਤਕ ਦੇਹ ਨੂੰ ਦੀਘਾ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਫਿਲਮ ਇੰਡਸਟਰੀ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਅਚਾਨਕ ਹੋਈ ਮੌਤ ਨਾਲ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।