ਮਾਰਚ ਦੇ ਮਹੀਨੇ ਵਿੱਚ ਪੈ ਰਹੀ ਗਰਮੀ ਤੋਂ ਬਾਅਦ ਹੁਣ ਦੇਸ਼ ਭਰ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਵਾਯੂਮੰਡਲ ਵਿੱਚ ਬਣੇ ਇੱਕ ਮਜ਼ਬੂਤ ਸਿਸਟਮ ਕਾਰਨ ਮਾਰਚ ਦਾ ਅੰਤ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨਾਲ ਹੋ ਰਿਹਾ ਹੈ। ਭਾਰਤ ਮੌਸਮ ਵਿਭਾਗ (IMD) ਨੇ ਇਸ ਸਥਿਤੀ ਨੂੰ ਗੰਭੀਰ ਮੰਨਦਿਆਂ ਦੇਸ਼ ਦੇ 17 ਰਾਜਾਂ ਵਿੱਚ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਇਸ ਤਬਦੀਲੀ ਦਾ ਮੁੱਖ ਕਾਰਨ ਪੱਛਮੀ ਗੜਬੜੀ (Western Disturbance) ਅਤੇ ਚੱਕਰਵਾਤੀ ਹਵਾਵਾਂ ਦਾ ਸਿਸਟਮ ਹੈ।
ਪੰਜਾਬ ਵਿੱਚ ਸਥਿਤੀ ਅਤੇ ਅਲਰਟ
ਪੰਜਾਬ ਵਿੱਚ ਮੌਸਮ ਵਿਭਾਗ ਨੇ 31 ਮਾਰਚ ਲਈ ‘ਯੈਲੋ ਅਲਰਟ‘ ਜਾਰੀ ਕੀਤਾ ਹੈ। ਰਾਜ ਆਫ਼ਤ ਪ੍ਰਬੰਧਨ ਅਥਾਰਟੀ (SDMA) ਨੇ ਖਾਸ ਤੌਰ ‘ਤੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਅਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਕੁਝ ਇਲਾਕਿਆਂ ਵਿੱਚ ਹਵਾ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਜਾ ਸਕਦੀ ਹੈ। ਪ੍ਰਸ਼ਾਸਨ ਨੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ 112 ਨੰਬਰ ‘ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।
ਕਿਸਾਨਾਂ ਦੀ ਵਧੀ ਚਿੰਤਾ
ਹਾਲਾਂਕਿ ਮੀਂਹ ਨੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਕਿਸਾਨਾਂ ਲਈ ਇਹ ਮੁਸੀਬਤ ਬਣ ਕੇ ਆਇਆ ਹੈ। ਪਟਿਆਲਾ, ਸੰਗਰੂਰ ਅਤੇ ਹੁਸ਼ਿਆਰਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਗਈ ਹੈ। ਪੱਕਣ ਦੇ ਨੇੜੇ ਪਹੁੰਚੀ ਫਸਲ ਦੇ ਇਸ ਨੁਕਸਾਨ ਕਾਰਨ ਕਿਸਾਨ ਕਾਫੀ ਚਿੰਤਤ ਹਨ।
ਦੂਜੇ ਰਾਜਾਂ ਦਾ ਹਾਲ
ਹਰਿਆਣਾ ਅਤੇ ਦਿੱਲੀ-NCR ਵਿੱਚ ਇੱਥੇ ਵੀ ਅਗਲੇ ਦੋ ਦਿਨਾਂ ਤੱਕ ਮੌਸਮ ਅਸਥਿਰ ਰਹੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਅਤੇ ਉੱਤਰਾਖੰਡ ਵਿੱਚ ਬਰਫ਼ਬਾਰੀ ਅਤੇ ਮੀਂਹ ਕਾਰਨ ਫਿਸਲਣ ਦੇ ਖ਼ਤਰੇ ਵੱਧ ਗਏ ਹਨ। ਬਿਹਾਰ ਵਿੱਚ 31 ਮਾਰਚ ਤੋਂ 1 ਅਪ੍ਰੈਲ ਦਰਮਿਆਨ ਤੇਜ਼ ਤੂਫ਼ਾਨ ਅਤੇ ਗੜੇਮਾਰੀ ਦਾ ਖ਼ਦਸ਼ਾ ਹੈ, ਜਦਕਿ ਰਾਜਸਥਾਨ ਵਿੱਚ ਧੂੜ ਭਰੀਆਂ ਹਨੇਰੀਆਂ ਚੱਲ ਸਕਦੀਆਂ ਹਨ। ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਵੀ ਬਿਜਲੀ ਲਿਸ਼ਕਣ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ। ਦੱਖਣੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਵੀ ਭਾਰੀ ਬਾਰਿਸ਼ ਦੀ ਉਮੀਦ ਹੈ।
