ਜਾਵਾ ਸਾਗਰ ਵਿੱਚ ਕਿਸ਼ਤੀ ਪਲਟੀ: 6 ਦੀ ਮੌਤ, 130 ਲਾਪਤਾ

ਇੰਡੋਨੇਸ਼ੀਆ ਦੇ ਜਾਵਾ ਸਾਗਰ ਵਿੱਚ ਐਤਵਾਰ ਨੂੰ ਖਰਾਬ ਮੌਸਮ ਕਾਰਨ ਇੱਕ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿੱਚ ਲਗਭਗ 130 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਲਾਪਤਾ ਹੋ ਗਏ ਹਨ, ਜਦਕਿ ਘੱਟੋ-ਘੱਟ 107 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ 6 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਕਿਸ਼ਤੀ 240 ਤੋਂ ਵੱਧ ਲੋਕਾਂ ਨੂੰ ਲੈ ਕੇ ਪੂਰਬੀ ਜਾਵਾ ਦੇ ਸੁਰਾਬਾਇਆ ਤੋਂ ਬੋਰਨਿਓ ਟਾਪੂ ਦੇ ਦੱਖਣੀ ਕਾਲੀਮੰਤਾਨ ਸੂਬੇ ਦੇ ਬੰਜਾਰਮਾਸਿਨ ਵੱਲ ਜਾ ਰਹੀ ਸੀ। ਬੰਜਰਮਾਸਿਨ ਖੋਜ ਅਤੇ ਬਚਾਅ ਦਫ਼ਤਰ ਦੇ ਮੁਖੀ ਆਈ ਪੁਤੂ ਸੁਦਾਯਾਨਾ ਨੇ ਦੱਸਿਆ ਕਿ ਘਟਨਾ ਵੇਲੇ ਸਮੁੰਦਰ ਵਿੱਚ 3 ਮੀਟਰ (10 ਫੁੱਟ) ਤੱਕ ਉੱਚੀਆਂ ਲਹਿਰਾਂ ਵਾਲਾ ਭਾਰੀ ਤੂਫ਼ਾਨ ਸੀ। ਐਮਰਜੈਂਸੀ ਕਾਲ ਦੌਰਾਨ ਕਿਸ਼ਤੀ ਦੇ ਇੱਕ ਪਾਸੇ ਝੁਕਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਕੁਝ ਸਮੇਂ ਬਾਅਦ ਅਧਿਕਾਰੀਆਂ ਨੂੰ ਇਸ ਦੇ ਪਲਟ ਜਾਣ ਦੀ ਪੁਸ਼ਟੀ ਹੋਈ।