ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਖੇਤਰ ਵਿੱਚ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਸ਼ੁੱਕਰਵਾਰ ਦੇਰ ਰਾਤ ਜੀ.ਐੱਸ.ਐੱਲ.ਵੀ.-ਐੱਫ18 ਰਾਕੇਟ ਰਾਹੀਂ ਨਵੀਂ ਪੀੜ੍ਹੀ ਦੇ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐੱਸ.-03 ਨੂੰ ਸਫ਼ਲਤਾਪੂਰਵਕ ਇਸ ਦੇ ਨਿਰਧਾਰਤ ਪੰਧ ਵਿੱਚ ਸਥਾਪਿਤ ਕਰ ਦਿੱਤਾ। ਰਾਕੇਟ ਨੇ ਰਾਤ 11 ਵੱਜ ਕੇ 51 ਮਿੰਟ ‘ਤੇ ਉਡਾਣ ਭਰੀ ਅਤੇ ਲਗਭਗ 18 ਮਿੰਟਾਂ ਬਾਅਦ ਇਸ ਦੇ ਤਿੰਨੇ ਪੜਾਅ ਸਫ਼ਲਤਾਪੂਰਵਕ ਪੂਰੇ ਹੋ ਗਏ। ਇਸ ਤੋਂ ਬਾਅਦ 2,232 ਕਿਲੋਗ੍ਰਾਮ ਭਾਰ ਵਾਲਾ ਉਪਗ੍ਰਹਿ ਆਪਣੇ ਨਿਰਧਾਰਤ ਪੰਧ ਵਿੱਚ ਪਹੁੰਚ ਗਿਆ।
ਇਹ ਉਪਗ੍ਰਹਿ ਭਾਰਤ ਦੀ ਸਵਦੇਸ਼ੀ ਨੇਵੀਗੇਸ਼ਨ ਪ੍ਰਣਾਲੀ ‘ਨਾਵਿਕ’ (ਐਨ.ਏ.ਵੀ.ਆਈ.ਸੀ.) ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਰਾਹੀਂ ਭਾਰਤ ਦੇ ਸਮੁੱਚੇ ਖੇਤਰ ਅਤੇ ਦੇਸ਼ ਦੀਆਂ ਸਰਹੱਦਾਂ ਤੋਂ 1,500 ਕਿਲੋਮੀਟਰ ਤੱਕ ਦੇ ਇਲਾਕੇ ਵਿੱਚ ਸਟੀਕ ਸਥਿਤੀ ਅਤੇ ਨੇਵੀਗੇਸ਼ਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਇਸਰੋ ਵੱਲੋਂ ਵਿਕਸਤ ‘ਨਾਵਿਕ’ ਭਾਰਤ ਦੀ ਆਪਣੀ ਖੇਤਰੀ ਉਪਗ੍ਰਹਿ ਨੇਵੀਗੇਸ਼ਨ ਪ੍ਰਣਾਲੀ ਹੈ। ਸਾਲ 1999 ਦੀ ਕਾਰਗਿਲ ਜੰਗ ਦੌਰਾਨ ਭਾਰਤ ਨੂੰ ਵਿਦੇਸ਼ੀ ਨੇਵੀਗੇਸ਼ਨ ਪ੍ਰਣਾਲੀਆਂ ‘ਤੇ ਨਿਰਭਰਤਾ ਘਟਾਉਣ ਅਤੇ ਆਪਣੀ ਸੁਤੰਤਰ ਪ੍ਰਣਾਲੀ ਵਿਕਸਤ ਕਰਨ ਦੀ ਲੋੜ ਮਹਿਸੂਸ ਹੋਈ ਸੀ। ਇਸੇ ਦਿਸ਼ਾ ਵਿੱਚ ‘ਨਾਵਿਕ’ ਪ੍ਰਣਾਲੀ ਦਾ ਵਿਕਾਸ ਕੀਤਾ ਗਿਆ, ਜੋ ਅਮਰੀਕਾ ਦੀ ਜੀ.ਪੀ.ਐੱਸ. ਪ੍ਰਣਾਲੀ ਵਾਂਗ ਕੰਮ ਕਰਦੀ ਹੈ, ਪਰ ਇਸ ਦਾ ਸੇਵਾ ਖੇਤਰ ਭਾਰਤ ਅਤੇ ਇਸ ਦੀਆਂ ਸਰਹੱਦਾਂ ਤੋਂ 1,500 ਕਿਲੋਮੀਟਰ ਤੱਕ ਸੀਮਤ ਹੈ।
ਇਸਰੋ ਦੇ ਚੇਅਰਮੈਨ ਡਾ. ਵੀ. ਨਾਰਾਇਣਨ ਨੇ ਇਸ ਪ੍ਰਾਪਤੀ ‘ਤੇ ਸੰਸਥਾ ਦੇ ਵਿਗਿਆਨੀਆਂ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਵੇਂ ਉਪਗ੍ਰਹਿ ਦੀ ਸਫ਼ਲ ਸਥਾਪਨਾ ਨਾਲ ਦੇਸ਼ ਵਿੱਚ ਸਵਦੇਸ਼ੀ ਨੇਵੀਗੇਸ਼ਨ ਸੇਵਾਵਾਂ ਨੂੰ ਹੋਰ ਬਲ ਮਿਲੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਆਪਣੀ ਜੀ.ਪੀ.ਐੱਸ. ਵਰਗੀ ਪ੍ਰਣਾਲੀ ਦਾ ਵਧੇਰੇ ਲਾਭ ਮਿਲ ਸਕੇਗਾ।
