ਫਗਵਾੜਾ : ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਸਥਾਨਕ ਹੋਟਲ ਆਸ਼ੀਸ਼ ਕਾਂਟੀਨੈਂਟਲ ਵਿਖੇ ਦੀਵਾਲੀ ਮਿਲਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਹਾਜ਼ਰੀਨ ਨੂੰ ਦੀਵਾਲੀ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਹਰ ਪਰਿਵਾਰ ਦੇ ਜੀਵਨ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਮ੍ਰਿੱਧੀ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਦੀਵਾਲੀ ਹਨੇਰੇ ਉੱਤੇ ਰੌਸ਼ਨੀ ਅਤੇ ਨਿਰਾਸ਼ਾ ਉੱਤੇ ਆਸ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਆਪਸੀ ਭਾਈਚਾਰੇ, ਏਕਤਾ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਦੇਸ਼ ਵੀ ਦਿੰਦਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ, ਸੁਰੱਖਿਅਤ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਸੂਬਾ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਟੀਚਾ ਸਾਲ 2027 ਵਿੱਚ ਪੰਜਾਬ ਅੰਦਰ ਭਾਜਪਾ-ਐੱਨ.ਡੀ.ਏ. ਦੀ ਸਰਕਾਰ ਬਣਾਉਣ ਲਈ ਪੂਰੀ ਮਿਹਨਤ ਅਤੇ ਇਕਜੁੱਟਤਾ ਨਾਲ ਕੰਮ ਕਰਨਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਕਾਸ, ਰੁਜ਼ਗਾਰ, ਉਦਯੋਗ ਅਤੇ ਬਿਹਤਰ ਕਾਨੂੰਨ-ਵਿਵਸਥਾ ਦੇ ਖੇਤਰ ਵਿੱਚ ਨਵੀਆਂ ਪ੍ਰਾਪਤੀਆਂ ਹਾਸਲ ਕਰੇਗਾ। ਵਿਜੇ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਦੀ ਕਾਮਨਾ ਹੈ ਕਿ ਅਗਲੀ ਦੀਵਾਲੀ ਪੰਜਾਬ ਲਈ ਨਵੀਆਂ ਉਮੀਦਾਂ ਅਤੇ ਖੁਸ਼ਹਾਲੀ ਦਾ ਸੰਦੇਸ਼ ਲੈ ਕੇ ਆਵੇ ਅਤੇ ਅਗਲੇ ਸਾਲ ਦੀਵਾਲੀ ਮਿਲਣ ਸਮਾਗਮ ਹੋਰ ਵੀ ਉਤਸ਼ਾਹ ਨਾਲ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਜੀਵਨ ਵਿੱਚ ਖੁਸ਼ਹਾਲੀ ਆਵੇ, ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਹੀ ਰੁਜ਼ਗਾਰ ਦੇ ਮੌਕੇ ਮਿਲਣ ਅਤੇ ਪੰਜਾਬ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਦੁੱਗਲ ਅਤੇ ਮੰਡਲ-2 ਫਗਵਾੜਾ ਦੇ ਇੰਚਾਰਜ ਬਲਵਿੰਦਰ ਠਾਕੁਰ ਨੇ ਵੀ ਸਭਨਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਤਿਉਹਾਰ ਆਪਸੀ ਪਿਆਰ, ਸਦਭਾਵਨਾ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦਾ ਮੌਕਾ ਹੁੰਦੇ ਹਨ। ਸਮਾਗਮ ਵਿੱਚ ਮੌਜੂਦ ਭਾਜਪਾ ਆਗੂਆਂ ਤੇ ਵਰਕਰਾਂ ਨੇ ਇੱਕ-ਦੂਜੇ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਸਭ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਭਾਜਪਾ, ਭਾਜਯੁਮੋ ਅਤੇ ਭਾਜਪਾ ਮਹਿਲਾ ਮੋਰਚਾ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ
