ਜੰਡਿਆਲਾ ਗੁਰੂ: ਪਿੰਡ ਕੋਟ ਖਹਿਰਾ ਦੇ ਰਹਿਣ ਵਾਲੇ 62 ਸਾਲਾ ਦੁਕਾਨਦਾਰ ਤਰਸੇਮ ਸਿੰਘ ਪੁੱਤਰ ਸਾਧਾ ਸਿੰਘ ਨੰਬਰਦਾਰ ਦੀ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ‘ਤੇ ਸੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਦੀ ਬੇਟੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਕਰੀਬ 6:30 ਵਜੇ ਦੁਕਾਨ ਦਾ ਸਾਮਾਨ ਲੈਣ ਲਈ ਮੋਟਰਸਾਈਕਲ ‘ਤੇ ਜੰਡਿਆਲਾ ਗੁਰੂ ਜਾ ਰਹੇ ਸਨ। ਜਦੋਂ ਉਹ ਨਹਿਰ ਦੇ ਪੁਲ ਨੇੜੇ ਪਹੁੰਚੇ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸਿਰ ‘ਤੇ ਜ਼ੋਰਦਾਰ ਸੱਟ ਮਾਰੀ। ਇਸ ਹਮਲੇ ਕਾਰਨ ਤਰਸੇਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਰਸਿੱਕਾ ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ।
