“ਆਟਾ ਚੱਕੀ ਵਾਲੇ ਦੀ ਚਮਕੀ ਕਿਸਮਤ: ਲਾਟਰੀ ਨੇ ਬਣਾਇਆ ਰਾਤੋ-ਰਾਤ ਲੱਖਪਤੀ

ਫਾਜ਼ਿਲਕਾ: ਕਹਿੰਦੇ ਹਨ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ, ਅਤੇ ਅਜਿਹਾ ਹੀ ਕੁਝ ਫਾਜ਼ਿਲਕਾ ਦੇ ਪਿੰਡ ਸਜਰਾਣਾ (ਢਾਣੀ ਮਾਛੀਰਾਮ ਲਾਹੌਰੀਆ) ਦੇ ਰਹਿਣ ਵਾਲੇ ਜਰਨੈਲ ਸਿੰਘ ਨਾਲ ਹੋਇਆ ਹੈ। ਸਾਲਾਂ ਤੋਂ ਆਟਾ ਚੱਕੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਜਰਨੈਲ ਸਿੰਘ ਰਾਤੋ-ਰਾਤ ਲਖਪਤੀ ਬਣ ਗਏ ਹਨ। ਉਨ੍ਹਾਂ ਨੇ ਪੰਜਾਬ ਰਾਜ ਹੋਲੀ ਬੰਪਰ ਲਾਟਰੀ ਵਿੱਚ 50 ਲੱਖ ਰੁਪਏ ਦਾ ਵੱਡਾ ਇਨਾਮ ਜਿੱਤਿਆ ਹੈ।

12 ਦਿਨਾਂ ਦੀ ਭਾਲ ਤੋਂ ਬਾਅਦ ਮਿਲਿਆ ਜੇਤੂ

ਦਿਲਚਸਪ ਗੱਲ ਇਹ ਹੈ ਕਿ ਜਰਨੈਲ ਸਿੰਘ ਨੂੰ ਆਪਣੀ ਇਸ ਵੱਡੀ ਜਿੱਤ ਬਾਰੇ ਤਕਰੀਬਨ 12 ਦਿਨਾਂ ਬਾਅਦ ਪਤਾ ਲੱਗਿਆ। ਫਾਜ਼ਿਲਕਾ ਦੇ ‘ਰੂਪਚੰਦ ਲਾਟਰੀ ਸਟਾਲ’ ਦੇ ਸੰਚਾਲਕ ਬੌਬੀ ਨੇ ਦੱਸਿਆ ਕਿ ਜਰਨੈਲ ਸਿੰਘ ਨੇ ਉਨ੍ਹਾਂ ਕੋਲੋਂ ਟਿਕਟ ਨੰਬਰ B-862817 ਖਰੀਦੀ ਸੀ, ਪਰ ਆਪਣਾ ਸੰਪਰਕ ਨੰਬਰ ਜਾਂ ਪਤਾ ਦਰਜ ਨਹੀਂ ਕਰਵਾਇਆ ਸੀ। ਨਤੀਜਾ ਆਉਣ ਤੋਂ ਬਾਅਦ ਲਾਟਰੀ ਵਿਭਾਗ ਅਤੇ ਸਟਾਲ ਮਾਲਕ ਲਗਾਤਾਰ ਜੇਤੂ ਦੀ ਭਾਲ ਕਰ ਰਹੇ ਸਨ। ਆਖ਼ਰਕਾਰ ਜਦੋਂ ਜਰਨੈਲ ਸਿੰਘ ਨਾਲ ਸੰਪਰਕ ਹੋਇਆ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ।

ਪਰਿਵਾਰ ਅਤੇ ਇਲਾਕੇ ਵਿੱਚ ਜਸ਼ਨ ਦਾ ਮਾਹੌਲ

ਆਪਣੀ ਖੁਸ਼ੀ ਸਾਂਝੀ ਕਰਦਿਆਂ ਜਰਨੈਲ ਸਿੰਘ ਨੇ ਕਿਹਾ “ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਮਾਮੂਲੀ ਲਾਟਰੀ ਟਿਕਟ ਮੇਰੀ ਅਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਦਲ ਦੇਵੇਗੀ। ਇਹ ਸਭ ਪ੍ਰਮਾਤਮਾ ਦੀ ਮਿਹਰ ਹੈ।”ਜਿਵੇਂ ਹੀ ਇਲਾਕੇ ਵਿੱਚ ਜਰਨੈਲ ਸਿੰਘ ਦੇ ਜੇਤੂ ਹੋਣ ਦੀ ਖ਼ਬਰ ਫੈਲੀ, ਪੂਰੇ ਪਿੰਡ ਸਜਰਾਣਾ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਲੋਕਾਂ ਨੇ ਆਟਾ ਚੱਕੀ ਸੰਚਾਲਕ ਦੀ ਇਸ ਕਿਸਮਤ ‘ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।