ਚੰਡੀਗੜ੍ਹ: ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਮਨਦੀਪ ਸਿੰਘ ਅਰੋੜਾ ਦੇ ਘਰ ED ਵੱਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਕਾਰਵਾਈ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਅਤੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ‘ਤੇ ਲਿਆ ਹੈ।
ਹਰਭਜਨ ਸਿੰਘ ਈਟੀਓ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ ਕਰੀਬ 42 ਘੰਟੇ ਚੱਲੀ ED ਦੀ ਛਾਪੇਮਾਰੀ ਦੌਰਾਨ ਕੁਝ ਵੀ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀਆਂ ਨੂੰ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦਾ ਸਿਆਸੀ ਤੌਰ ‘ਤੇ ਮੁਕਾਬਲਾ ਕਰਨ ਦਾ ਕੋਈ ਰਸਤਾ ਨਹੀਂ ਮਿਲਦਾ ਤਾਂ ਉਹ ਜਾਂਚ ਏਜੰਸੀਆਂ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਦੇ ਮੁਤਾਬਕ ਭਾਜਪਾ ਵੱਲੋਂ ਕਥਿਤ ਲਾਲਚ ਅਤੇ ਦਬਾਅ ਬਣਾਉਣ ਦੇ ਬਾਵਜੂਦ ‘ਆਪ’ ਵਿਧਾਇਕ ਡਟ ਕੇ ਖੜ੍ਹੇ ਰਹੇ।
ਕੈਬਨਿਟ ਮੰਤਰੀ ਨੇ ਇਸ ਨੂੰ ਸਿਧਾਂਤਾਂ ਦੀ ਰਾਜਨੀਤੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਆਗੂ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ।
ਹਾਲਾਂਕਿ, ED ਦੀ ਛਾਪੇਮਾਰੀ ਅਤੇ ਇਸ ਦੌਰਾਨ ਕੀਤੀ ਗਈ ਜਾਂਚ ਦੇ ਨਤੀਜਿਆਂ ਸਬੰਧੀ ਏਜੰਸੀ ਵੱਲੋਂ ਅਧਿਕਾਰਤ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ
