ਬੈਂਗੁਲਰ ਵਿੱਚ ਪ੍ਰੇਮੀ ਨੇ ਪਹਿਲਾਂ ਪ੍ਰੇਮਿਕਾ ਦਾ ਜਨਮਦਿਨ ਮਨਾਇਆ ਤੇ ਫਿਰ ਕੀਤਾ ਕਤਲ

ਬੈਂਗਲੁਰੂ ‘ਚ ਇੱਕ ਨੌਜਵਾਨ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਮੁਲਜ਼ਮ ਨੌਜਵਾਨ ਨੇ ਪਹਿਲਾਂ ਆਪਣੀ ਪ੍ਰੇਮਿਕਾ ਦਾ ਜਨਮਦਿਨ ਮਨਾਇਆ ਅਤੇ ਫਿਰ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੌਜਵਾਨ ਆਪਣੀ ਪ੍ਰੇਮਿਕਾ ‘ਤੇ ਸ਼ੱਕ ਕਰਦਾ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਮ੍ਰਿਤਕ ਲੜਕੀ ਦੀ ਪਹਿਚਾਣ ਕਨਕਪੁਰਾ ਦੀ ਰਹਿਣ ਵਾਲੀ ਨਵਿਆ ਵਜੋਂ ਹੋਈ ਹੈ। ਨਵਿਆ ਬੈਂਗਲੁਰੂ ਵਿੱਚ ਰਹਿੰਦੀ ਸੀ ਅਤੇ ਪੁਲਿਸ ਵਿਭਾਗ ਦੇ ਅੰਦਰੂਨੀ ਸੁਰੱਖਿਆ ਡਿਵੀਜ਼ਨ ਵਿੱਚ ਕਲਰਕ ਵਜੋਂ ਕੰਮ ਕਰਦੀ ਸੀ। ਨਵਿਆ ਦਾ ਦੂਰ ਦਾ ਰਿਸ਼ਤੇਦਾਰ ਜੋ ਕਿ ਉਸਦਾ ਬੁਆਏਫ੍ਰੈਂਡ ਵੀ ਸੀ ਜਿਸ ਦਾ ਨਾਮ ਪ੍ਰਸ਼ਾਂਤ ਹੈ ਉਹ ਵੀ ਕਨਕਪੁਰਾ ਦਾ ਰਹਿਣ ਵਾਲਾ ਹੈ। ਦੋਵੇਂ ਪਿਛਲੇ ਛੇ ਸਾਲਾਂ ਤੋਂ ਪਿਆਰ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲਿਆਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਦਰਅਸਲ ਨਵਿਆ ਦਾ ਜਨਮਦਿਨ 11 ਅਪ੍ਰੈਲ ਨੂੰ ਸੀ। ਪਰ ਵਿਅਸਤ ਸ਼ੈਡਿਊਲ ਕਾਰਨ ਦੋਵਾਂ ਨੇ ਸ਼ੁੱਕਰਵਾਰ ਯਾਨੀ 13 ਅਪ੍ਰੈਲ ਨੂੰ ਇਸ ਨੂੰ ਸੈਲੀਬ੍ਰੇਟ ਕਰਨ ਦਾ ਫੈਸਲਾ ਕੀਤਾ। ਸ਼ੁੱਕਰਵਾਰ ਰਾਤ ਨੂੰ ਉਹ ਪ੍ਰਸ਼ਾਂਤ ਦੇ ਘਰ ਆਈ ਜਿੱਥੇ ਉਸਨੇ ਕੇਕ ਕੱਟਿਆ। ਕੁਝ ਦੇਰ ਬਾਅਦ ਹੀ ਪ੍ਰਸ਼ਾਂਤ ਨੇ ਚਾਕੂ ਲੈ ਕੇ ਉਸ ਦਾ ਗਲਾ ਵੱਢ ਕੇ ਉਸਦਾ ਕਤਲ ਕਰ ਦਿੱਤਾ। ਨਵਿਆ ਦਾ ਕਤਲ ਕਰਨ ਤੋਂ ਬਾਅਦ ਪ੍ਰਸ਼ਾਂਤ ਮੌਕੇ ਤੋਂ ਫਰਾਰ ਹੋ ਗਿਆ। ਨਵਿਆ ਦੇ ਘਰ ਨਾ ਪਹੁੰਚਣ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ‘ਚ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ। ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਨਵਿਆ ਦੀ ਆਖਰੀ ਲੋਕੇਸ਼ਨ ਪ੍ਰਸ਼ਾਂਤ ਦੇ ਘਰ ਹੀ ਸੀ। ਇੱਕ ਪੁਲਿਸ ਅਧਿਕਾਰੀ ਮੁਤਾਬਕ, ‘ਪੁੱਛਗਿੱਛ ਦੌਰਾਨ ਪ੍ਰਸ਼ਾਂਤ ਨੇ ਕਿਹਾ ਕਿ ਉਸ ਨੇ ਨਵਿਆ ਨੂੰ ਇਸ ਲਈ ਮਾਰਿਆ ਕਿਉਂਕਿ ਉਹ ਦੂਜੇ ਮਰਦਾਂ ਨਾਲ ਗੱਲਬਾਤ ਕਰ ਰਹੀ ਸੀ। ਪੁਲਿਸ ਮੁਤਾਬਕ ਦੋਵਾਂ ਵਿਚਾਲੇ ਪਿਛਲੇ ਕੁਝ ਸਮੇਂ ‘ਚ ਇਸ ਮੁੱਦੇ ‘ਤੇ ਕਈ ਵਾਰ ਲੜਾਈ ਹੋਈ ਸੀ। ਫਿਲਹਾਲ ਪੁਲਿਸ ਨੇ ਪ੍ਰਸ਼ਾਂਤ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :