ਸੁਧੀਰ ਸੂਰੀ ਦਾ ਪਰਿਵਾਰ ਹੋਇਆ ਅੰਤਮ ਸੰਸਕਾਰ ਲਈ ਰਾਜ਼ੀ, ਪ੍ਰਸ਼ਾਸਨ ਨੇ ਦਿੱਤਾ ਹਿੰਦੂ ਨੇਤਾਵਾਂ ਨੂੰ ਰਿਹਾਅ ਕਰਨ ਦਾ ਭਰੋਸਾ

ਅੰਮ੍ਰਿਤਸਰ: ਪ੍ਰਸ਼ਾਸਨ ਦੁਆਰਾ ਸਾਰੀਆਂ ਮੰਗਾ ਨੂੰ ਪੂਰਾ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ, ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਪਰਿਵਾਰ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ। ਸਰਕਾਰ ਦੁਆਰਾ ਪਰਿਵਾਰ ਨੂੰ ਨਜ਼ਰਬੰਦ ਹਿੰਦੂ ਆਗੂਆਂ ਨੂੰ ਰਿਹਾਅ ਕਰਨ ਦਾ ਆਸ਼ਵਾਸਨ ਦਿੱਤਾ ਹੈ। ਕੁਝ ਦੇਰ ਬਾਅਦ ਪਰਿਵਾਰ ਵਲੋਂ ਦੁਰਗਿਆਣਾ ਤੀਰਥ ਸਥਾਨ ‘ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੀਡਿਆ ਨਾਲ ਗੱਲਬਾਤ ਕਰਦਿਆਂ, ਸੁਧੀਰ ਸੂਰੀ ਦੇ ਛੋਟੇ ਭਰਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ ਹੈ ਅਤੇ ਰਿਹਾਅ ਹੋਏ ਲੋਕ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਹਨ।

ਦੱਸ ਦਇਏ ਕਿ ਸੁਧੀਰ ਸੂਰੀ ਦੇ ਪਰਿਵਾਰ ਨੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਅੱਗੇ ਤਿੰਨ ਮੰਗਾਂ ਰੱਖੀਆਂ ਸੀ ਅਤੇ ਕਿਹਾ ਸੀ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਗੁੱਸੇ ਵਿਚ ਆਏ ਸੂਰੀ ਦੇ ਸਮਰਥਕਾਂ ਨੇ ਦਿੱਲੀ-ਅੰਮ੍ਰਿਤਸਰ ਰੇਲ ਮਾਰਗ ਵੀ ਜਾਮ ਕਰ ਦਿੱਤਾ ਸੀ ਅਤੇ ਹੋਰ ਵੀ ਕਈ ਥਾਵਾਂ ਤੇ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੁਧੀਰ ਸੂਰੀ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਨੇ ਮੰਗ ਕੀਤੀ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਨਾਲ ਹੀ ‘ਵਾਰਿਸ ਪੰਜਾਬ ਦੇ’ ਦੇ ਮੁੱਖੀ, ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ। ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਭਰੋਸਾ ਦਿਵਾਇਆ ਕਿ ਸੁਧੀਰ ਸੂਰੀ ਨੂੰ ਸ਼ਹੀਦ ਘੋਸ਼ਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਲ ਜੋ ਵੀ ਨਾਮ ਸਾਹਮਣੇ ਆਉਣਗੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਜਾਵੇਗਾ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਬਾਅਦ, ਪਰਿਵਾਰ ਅੰਤਮ ਸੰਸਕਾਰ ਕਰਨ ਲਈ ਰਾਜੀ ਹੋ ਗਿਆ।

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਸੰਦੀਪ ਸਿੰਘ ਨੂੰ ਅੰਮ੍ਰਿਤਸਰ ਅਦਾਲਤ ਵਲੋਂ ਸੱਤ ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। 5 ਨਵੰਬਰ ਨੂੰ ਮੁਲਜ਼ਮ ਨੂੰ ਭਾਰੀ ਪੁਲੀਸ ਫੋਰਸ ਅਤੇ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਬੀਤੇ ਦਿਨ ਸੰਦੀਪ ਸਿੰਘ ਨੇ ਸੁਧੀਰ ਸੂਰੀ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੂਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ।