‘ਪਹਿਲਾਂ ਸੋਚ-ਸਮਝ ਕੇ ਬੋਲਣਾ ਸੀ!’ ਨਵਜੋਤ ਕੌਰ ਸਿੱਧੂ ਦੀ ਸੁਰੱਖਿਆ ਮੰਗ ‘ਤੇ CM ਮਾਨ ਦਾ ਸਿੱਧਾ ਪਲਟਵਾਰ

ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਵੱਲੋਂ ਪੰਜਾਬ ਦੇ CM ਭਗਵੰਤ ਮਾਨ ‘ਤੇ ਕੱਸੇ ਗਏ ਤਿੱਖੇ ਤਨਜ਼ ਅਤੇ ਬਾਅਦ ਵਿੱਚ ਸੁਰੱਖਿਆ ਮੰਗਣ ਦੇ ਮਾਮਲੇ ਨੇ ਸੂਬੇ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ। ਸਿੱਧੂ ਦੇ 500 ਕਰੋੜ ਰੁਪਏ ਵਿੱਚ ਮੁੱਖ ਮੰਤਰੀ ਦੀ ਕੁਰਸੀ ਮਿਲਣ ਵਾਲੇ ਬਿਆਨ ‘ਤੇ ਹੰਗਾਮਾ ਅਜੇ ਥੰਮਿਆ ਨਹੀਂ ਸੀ ਕਿ ਸੁਰੱਖਿਆ ਦੇ ਮੁੱਦੇ ‘ਤੇ CM ਮਾਨ ਨੇ ਉਨ੍ਹਾਂ ਨੂੰ ਸਿੱਧਾ ਜਵਾਬ ਦੇ ਦਿੱਤਾ ਹੈ : ਕਿਹਾ ‘ਪਹਿਲਾਂ ਸੋਚ-ਸਮਝ ਕੇ ਬੋਲਦੇ

ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ CM ਮਾਨ ਨੂੰ ਟਵੀਟ ਕਰਦਿਆਂ ਕਿਹਾ ਸੀ, “ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਕੁਝ ਸੁਰੱਖਿਆ ਦੀ ਲੋੜ ਹੈ। ਮੇਰੀ ਸੁਰੱਖਿਆ ਤੁਹਾਡੀ ਜ਼ਿੰਮੇਵਾਰੀ ਹੈ।” ਇਸ ‘ਤੇ ਭਗਵੰਤ ਮਾਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਜੇਕਰ ਹੁਣ ਉਨ੍ਹਾਂ ਨੂੰ ਜਾਨ ਦਾ ਡਰ ਸਤਾ ਰਿਹਾ ਹੈ, ਤਾਂ ਉਨ੍ਹਾਂ ਨੂੰ ਅਜਿਹੇ ਉਲਟੇ ਬਿਆਨ ਦੇਣ ਤੋਂ ਪਹਿਲਾਂ ਹੀ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਸੀ

ਮੁੱਖ ਮੰਤਰੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ: “ਨੇਤਾ ਪਹਿਲਾਂ ਤਾਂ ਜੋ ਵੀ ਆਏ ਉਲਟੇ ਬਿਆਨ ਦੇ ਦਿੰਦੇ ਹਨ, ਫਿਰ ਮੇਰੇ ਕੋਲ ਆ ਜਾਂਦੇ ਹਨ। ਨਵਜੋਤ ਕੌਰ ਦੇ ਬਿਆਨ ਨੇ ਤਾਂ ਕਾਂਗਰਸ ਵਿੱਚ ਵੀ ਕੁਰਸੀ ਦੇ ਰੇਟ ਸੈੱਟ ਕਰ ਦਿੱਤੇ ਹਨ।

ਨਵਜੋਤ ਕੌਰ ਦਾ ਪਲਟਵਾਰ: ਮਾਫ਼ੀਆ ਅਤੇ ਕੈਪਟਨ ‘ਤੇ ਸਵਾਲ
CM ਮਾਨ ਦੇ ਤਿੱਖੇ ਹਮਲੇ ਤੋਂ ਬਾਅਦ, ਡਾ. ਨਵਜੋਤ ਕੌਰ ਸਿੱਧੂ ਨੇ ਵੀ ਆਪਣਾ ਪਲਟਵਾਰ ਜਾਰੀ ਰੱਖਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਲੈ ਕੇ ਵਿਰੋਧੀ ਧਿਰ ਤੱਕ, ਸਾਰਿਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ।

ਨਵਜੋਤ ਕੌਰ ਨੇ ਸਿੱਧੇ ਤੌਰ ‘ਤੇ ਮੁੱਖ ਮੰਤਰੀ ਮਾਨ ਤੋਂ ਪੁੱਛਿਆ ਕਿ: ਤੁਸੀਂ ਮਾਈਨਿੰਗ ਅਤੇ ਸ਼ਰਾਬ ਮਾਫੀਆ ਨੂੰ ਪਨਾਹ ਕਿਉਂ ਦੇ ਰਹੇ ਹੋ?

ਕੀ ਕਾਰਨ ਹੈ ਕਿ ਤੁਸੀਂ ਪੰਜਾਬ ਦੇ ਰਾਜਪਾਲ ਦੇ ਸਾਹਮਣੇ ਉਠਾਏ ਗਏ ਮੁੱਦਿਆਂ ਦਾ ਜਵਾਬ ਨਹੀਂ ਦੇ ਰਹੇ ਹੋ?

ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਹਮਲਾ ਕੀਤਾ ਅਤੇ ਪੁੱਛਿਆ ਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਸਬੰਧਤ ਮਹੱਤਵਪੂਰਨ ਪ੍ਰੋਜੈਕਟਾਂ ਦੀਆਂ ਫਾਈਲਾਂ ਕਿਉਂ ਰੋਕ ਰੱਖੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਕਈ ਅਹਿਮ ਵਿਕਾਸ ਕਾਰਜ ਰੁਕ ਗਏ ਸਨ।

ਨਵਜੋਤ ਕੌਰ ਨੇ ਆਪਣੇ ‘X’ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸਵਾਲ ਇੰਨੇ ਜ਼ਿਆਦਾ ਹਨ, “ਜੋ 100 ਟਵੀਟ ਵਿੱਚ ਵੀ ਨਹੀਂ ਦਿੱਤੇ ਜਾ ਸਕਦੇ।”

ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਇਹ ਬਿਆਨਬਾਜ਼ੀ ਇੱਕ ਵੱਡਾ ਮੁੱਦਾ ਬਣੀ ਹੋਈ ਹੈ, ਜਿੱਥੇ ਸੱਤਾਧਾਰੀ ਧਿਰ ਅਤੇ ਕਾਂਗਰਸ ਦੇ ਅੰਦਰੂਨੀ ਵਿਵਾਦ ਇੱਕੋ ਸਮੇਂ ਚੱਲ ਰਹੇ ਹਨ