ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦੀ ਅਚਾਨਕ ਹੀ ਭਾਰਤ ਜੋੜੋ ਯਾਤਰਾ ਦੋਰਾਨ ਦਿਲ ਦਾ ਦੋਰਾ ਪੈਣ ਕਾਰਣ ਮੌਤ ਹੋ ਗਈ ਸੀ। ਸੰਤੋਖ ਸਿੰਘ ਚੌਧਰੀ ਦੀ ਮੌਤ ਨੇ ਕਾਂਗਰਸ ਆਗੂਆ ਨੂੰ ਇੱਕ ਸਦਮੇ ਵਿੱਚ ਪਾ ਦਿੱਤਾ ਹੈ। ਦੱਸ ਦਈਏ ਕਿ ਉਹਨਾਂ ਦਾ ਉਮਰ 76 ਸਾਲ ਦੀ ਸੀ। ਸੰਤੋਖ ਚੌਧਰੀ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਕ੍ਰਮਵਾਰ 2 ਵਾਰ 16ਵੀਂ ਤੇ 17ਵੀਂ ਲੋਕ ਸਭਾ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਉਹ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ। ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਵਿੱਚ ਪਿੰਡ ਧਾਲੀਵਾਲ ਵਿੱਚ ਹੋਇਆ। ਉਹ ਇੱਕ ਗਰੈਜੂਏਟ ਪ੍ਰੋਫੈਸ਼ਨਲ ਸਨ ਅਤੇ ਪੇਸ਼ੇ ਵੱਜੋਂ ਵਕੀਲ ਅਤੇ ਬਿਜਨਸਮੈਨ ਸਨ। ਉਨ੍ਹਾਂ ਦੇ 1 ਲੜਕਾ ਅਤੇ ਇੱਕ ਲੜਕੀ ਹੈ। ਉਹ ਜਲੰਧਰ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਸਨ। ਉਨ੍ਹਾਂ ਨੇ ਆਪਣੇ ਰਾਜਨੀਤੀ ਸਫ਼ਰ ਦੀ ਸ਼ੁਰੂਆਤ 1978 ਵਿੱਚ ਕੀਤੀ ਸੀ, ਜਦੋਂ ਉਹ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਸਨ।1992 ਵਿੱਚ ਉਹ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਸਨ। ਚੌਧਰੀ 2 ਵਾਰੀ ਸਾਲ 1992 ਅਤੇ 2002 ਵਿੱਚ ਫਿਲੌਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਸਨ। 1992 ਵਿੱਚ ਉਹ ਪੰਜਾਬ ਕੈਬਿਨਟ ਵਿੱਚ ਮੰਤਰੀ ਬਣੇ ਅਤੇ ਪਰਿਵਾਰ ਭਲਾਈ ਤੇ ਫੂਡ ਸਪਲਾਈ ਵਿਭਾਗ ਦਾ ਅਹੁਦਾ ਮਿਲਿਆ। ਉਪਰੰਤ 2002 ਵਿੱਚ ਮੁੜ ਸੰਤੋਖ ਸਿੰਘ ਚੌਧਰੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹੇਠਲੀ ਸਰਕਾਰ ਵਿੱਚ ਕੈਬਿਨਟ ਰੈਂਕ ਪ੍ਰਾਪਤ ਹੋਇਆ ਅਤੇ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ, ਮੈਡੀਕਲ ਸਿੱਖਿਆ ਅਤੇ ਰਿਸਰਚ ਵਿਭਾਗ ਮਿਲਿਆ। ਇਸ ਪਿੱਛੋਂ ਕਾਂਗਰਸ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਖੜਾ ਕੀਤਾ ਅਤੇ ਉਹ 2 ਵਾਰੀ 2014 ਅਤੇ 2019 ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ।
