“ਸਰਕਾਰ ਦੇ ਆਰਥਿਕ ਸੁਧਾਰਾਂ ਦੇ ਦਾਅਵੇ ਝੂਠੇ”, MP ਮਾਲਵਿੰਦਰ ਕੰਗ ਨੇ ਲੋਕ ਸਭਾ ‘ਚ ਖੋਲ੍ਹੀ ਪੋਲ

ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਫਾਈਨਾਂਸ ਬਿੱਲ (ਵਿੱਤ ਬਿੱਲ) ‘ਤੇ ਬਹਿਸ ਦੌਰਾਨ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਦਾਅਵਿਆਂ ‘ਤੇ ਜ਼ੋਰਦਾਰ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਦੇਸ਼ ਦੀ ਆਰਥਿਕ ਮਜ਼ਬੂਤੀ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਜ਼ਮੀਨੀ ਹਕੀਕਤ ਤੋਂ ਬਿਲਕੁਲ ਵੱਖਰਾ ਦੱਸਿਆ।

ਕੰਗ ਦੇ ਭਾਸ਼ਣ ਦੇ ਮੁੱਖ ਅੰਸ਼

1. ਮਹਿੰਗਾਈ ਅਤੇ ਰੁਪਏ ਦੀ ਗਿਰਾਵਟ ‘ਤੇ ਤਨਜ਼ ਕੰਗ ਨੇ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਦਰ ਆਪਣੇ ਇਤਿਹਾਸ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ। ਡਾਲਰ ਦੇ ਮੁਕਾਬਲੇ ਰੁਪਿਆ 90 ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ। ਉਨ੍ਹਾਂ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜੋ ਲੋਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਦੇ ਦਾਅਵੇ ਕਰਦੇ ਸਨ, ਅੱਜ ਪੈਟਰੋਲ 120 ਰੁਪਏ ਨੂੰ ਪਾਰ ਕਰ ਗਿਆ ਹੈ ਅਤੇ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ।

2. ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੇ ਵਾਅਦੇ ਦੀ ਪੋਲ ਖੋਲ੍ਹੀ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕੰਗ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਤਾਂ ਨਹੀਂ ਹੋਈ, ਸਗੋਂ ਉਨ੍ਹਾਂ ਦੀਆਂ ਖੇਤੀ ਲਾਗਤਾਂ (ਜਿਵੇਂ ਕਿ ਖਾਦਾਂ ਅਤੇ ਕੀਟਨਾਸ਼ਕ) 2 ਤੋਂ 3 ਗੁਣਾ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਡੇ ਕਾਰਪੋਰੇਟਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ NPA ਦੇ ਨਾਂ ‘ਤੇ ਮੁਆਫ਼ ਕਰ ਦਿੱਤਾ ਗਿਆ, ਪਰ ਕਿਸਾਨ ਅੱਜ ਵੀ MSP ਲਈ ਸੰਘਰਸ਼ ਕਰ ਰਹੇ ਹਨ।

3. ਅਗਨੀਵੀਰ ਯੋਜਨਾ ‘ਤੇ ਨਿਸ਼ਾਨਾ ਕੰਗ ਨੇ ਨੌਜਵਾਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜੋ ਨੌਜਵਾਨ ਦੇਸ਼ ਦੀ ਸੇਵਾ ਲਈ ਸਵੇਰੇ 4 ਵਜੇ ਉੱਠ ਕੇ ਦੌੜ ਲਗਾਉਂਦੇ ਸਨ, ‘ਅਗਨੀਵੀਰ’ ਯੋਜਨਾ ਨੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਇਹੀ ਬੇਰੁਜ਼ਗਾਰੀ ਹਰਿਆਣਾ ਅਤੇ ਪੰਜਾਬ ਵਰਗੇ ਸੂਬਿਆਂ ਦੇ ਨੌਜਵਾਨਾਂ ਨੂੰ ਗੈਂਗਸਟਰਵਾਦ ਵੱਲ ਧੱਕ ਰਹੀ ਹੈ।

4. ਵਪਾਰਕ ਮਾਰਗਾਂ ‘ਚ ਪੱਖਪਾਤ: ਵਾਘਾ ਬਾਰਡਰ ਬੰਦ ਕਿਉਂ ? ਕੰਗ ਨੇ ਇੱਕ ਵੱਡਾ ਸਵਾਲ ਚੁੱਕਿਆ ਕਿ ਵੱਡੇ ਕਾਰਪੋਰੇਟਾਂ ਦੇ ਫਾਇਦੇ ਲਈ ਮੁੰਬਈ-ਕਰਾਚੀ ਰੂਟ ਖੁੱਲ੍ਹਾ ਹੈ ਅਤੇ 16,000 ਕਰੋੜ ਤੋਂ ਵੱਧ ਦਾ ਵਪਾਰ ਹੋ ਰਿਹਾ ਹੈ। ਪਰ, ਅੰਮ੍ਰਿਤਸਰ-ਲਾਹੌਰ (ਵਾਘਾ ਬਾਰਡਰ) ਵਪਾਰਕ ਮਾਰਗ ਪਿਛਲੇ 5 ਸਾਲਾਂ ਤੋਂ ਬੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਰੂਟ ਖੁੱਲ੍ਹਦਾ ਹੈ, ਤਾਂ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ, ਯੂਪੀ, ਰਾਜਸਥਾਨ ਅਤੇ ਹਰਿਆਣਾ ਦੇ ਆਮ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।

5. ਪੇਂਡੂ ਵਿਕਾਸ ਫੰਡ (RDF) ਅਤੇ ਮਨਰੇਗਾ ਦਾ ਮੁੱਦਾ ਪੰਜਾਬ ਦੇ ਮੁੱਦਿਆਂ ‘ਤੇ ਗੱਲ ਕਰਦਿਆਂ ਕੰਗ ਨੇ ਕਿਹਾ ਕਿ ਪੰਜਾਬ ਦੇਸ਼ ਦੇ ਅਨਾਜ ਭੰਡਾਰ ਵਿੱਚ 30% ਯੋਗਦਾਨ ਪਾਉਂਦਾ ਹੈ, ਪਰ ਪਿਛਲੇ 3 ਸਾਲਾਂ ਤੋਂ ਪੰਜਾਬ ਦਾ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਦਾ ‘ਪੇਂਡੂ ਵਿਕਾਸ ਫੰਡ’ (RDF) ਕੇਂਦਰ ਵੱਲੋਂ ਰੋਕਿਆ ਹੋਇਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਮਨਰੇਗਾ ਵਰਗੀਆਂ ਸਕੀਮਾਂ ਨੂੰ ਕਮਜ਼ੋਰ ਕਰਕੇ ਸਰਕਾਰ ਨੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਵੀ ਖੋਹਣ ਦਾ ਕੰਮ ਕੀਤਾ ਹੈ।


ਅਸਲੀ ਵਿਕਾਸ ਕਦੋਂ ਹੋਵੇਗਾ?

ਆਪਣੇ ਭਾਸ਼ਣ ਦੇ ਅੰਤ ਵਿੱਚ ਕੰਗ ਨੇ ਕਿਹਾ ਕਿ ਸਿਰਫ਼ ਮੀਡੀਆ ਦੇ ਝੂਠੇ ਦਾਅਵਿਆਂ ਨਾਲ ਦੇਸ਼ ਅੱਗੇ ਨਹੀਂ ਵਧੇਗਾ। ਉਨ੍ਹਾਂ ਕਿਹਾ, “ਅਸਲੀ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਦੇਸ਼ ਦੇ ਬਾਰਡਰਾਂ ‘ਤੇ ਬੱਚੇ ਭੇਜਣ ਵਾਲੇ ਅਤੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਅਤੇ ਮਜ਼ਦੂਰ ਦਾ ਭਵਿੱਖ ਸੁਰੱਖਿਅਤ ਹੋਵੇਗਾ।”