ਰੇਲ ਯਾਤਰੀ ਸਾਵਧਾਨ: 26 ਅਤੇ 27 ਮਾਰਚ ਦੀ ਰਾਤ ਨੂੰ ਬੰਦ ਰਹਿਣਗੀਆਂ ਰੇਲਵੇ ਦੀਆਂ ਆਨਲਾਈਨ ਸੇਵਾਵਾਂ

ਜੇਕਰ ਤੁਸੀਂ ਮਾਰਚ ਦੇ ਆਖਰੀ ਹਫ਼ਤੇ ਰੇਲ ਰਾਹੀਂ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦਿੱਲੀ ਖੇਤਰ ਵਿੱਚ ਰੇਲਵੇ ਪ੍ਰਣਾਲੀ ਦੇ ਰੱਖ-ਰਖਾਅ (Maintenance) ਕਾਰਨ 26 ਅਤੇ 27 ਮਾਰਚ ਦੀ ਦਰਮਿਆਨੀ ਰਾਤ ਨੂੰ ਕਈ ਅਹਿਮ ਸੇਵਾਵਾਂ ਕੁਝ ਘੰਟਿਆਂ ਲਈ ਪ੍ਰਭਾਵਿਤ ਰਹਿਣਗੀਆਂ।

ਸੇਵਾਵਾਂ ਬੰਦ ਰਹਿਣ ਦਾ ਸਮਾਂ

ਉੱਤਰੀ ਰੇਲਵੇ ਅਨੁਸਾਰ, ਯਾਤਰੀ ਰਿਜ਼ਰਵੇਸ਼ਨ ਸਿਸਟਮ (PRS) ਦੀ ਮੁਰੰਮਤ ਕਾਰਨ ਸੇਵਾਵਾਂ 26 ਮਾਰਚ 2026 ਨੂੰ ਰਾਤ 11:45 ਵਜੇ ਤੋਂ ਸ਼ੁਰੂ ਹੋ ਕੇ 27 ਮਾਰਚ ਦੀ ਸਵੇਰੇ 04:45 ਵਜੇ ਤੱਕ ਬੰਦ ਰਹਿਣਗੀਆਂ। ਲਗਭਗ 5 ਘੰਟਿਆਂ ਦੇ ਇਸ ਵਕਫੇ ਦੌਰਾਨ ਯਾਤਰੀਆਂ ਨੂੰ ਡਿਜੀਟਲ ਅਤੇ ਕਾਊਂਟਰ ਸਬੰਧੀ ਦਿੱਕਤਾਂ ਆ ਸਕਦੀਆਂ ਹਨ।

ਕਿਹੜੀਆਂ ਸੁਵਿਧਾਵਾਂ ‘ਤੇ ਪਵੇਗਾ ਅਸਰ?

  • ਟਿਕਟ ਬੁਕਿੰਗ: IRCTC ਦੀ ਵੈੱਬਸਾਈਟ ਅਤੇ ਰੇਲਵੇ ਕਾਊਂਟਰ, ਦੋਵਾਂ ਰਾਹੀਂ ਨਵੀਂ ਟਿਕਟ ਬੁੱਕ ਨਹੀਂ ਕੀਤੀ ਜਾ ਸਕੇਗੀ।
  • ਟਿਕਟ ਕੈਂਸਲੇਸ਼ਨ: ਯਾਤਰੀ ਆਪਣੀਆਂ ਪੁਰਾਣੀਆਂ ਟਿਕਟਾਂ ਰੱਦ ਨਹੀਂ ਕਰ ਸਕਣਗੇ।
  • PNR ਸਟੇਟਸ: ਟਿਕਟ ਦੀ ਸਥਿਤੀ (Status) ਚੈੱਕ ਕਰਨ ਦੀ ਸਹੂਲਤ ਉਪਲਬਧ ਨਹੀਂ ਹੋਵੇਗੀ।
  • ਪੁੱਛਗਿੱਛ ਅਤੇ ਚਾਰਟਿੰਗ: ਟ੍ਰੇਨ ਪੁੱਛਗਿੱਛ, ਚਾਰਟ ਦੇਖਣ ਅਤੇ EDR ਵਰਗੀਆਂ ਸੇਵਾਵਾਂ ਵੀ ਬੰਦ ਰਹਿਣਗੀਆਂ।

ਰੇਲਵੇ ਦੀ ਯਾਤਰੀਆਂ ਨੂੰ ਸਲਾਹ

ਰੇਲਵੇ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇਹ ਕਦਮ ਸਿਸਟਮ ਦੀ ਕਾਰਜਕੁਸ਼ਲਤਾ ਅਤੇ ਸਪੀਡ ਨੂੰ ਵਧਾਉਣ ਲਈ ਚੁੱਕਿਆ ਗਿਆ ਹੈ। ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ ਆਪਣੀ ਟਿਕਟ ਬੁਕਿੰਗ ਜਾਂ ਕੈਂਸਲੇਸ਼ਨ ਦਾ ਕੰਮ ਰਾਤ 11:45 ਤੋਂ ਪਹਿਲਾਂ ਹੀ ਨਿਪਟਾ ਲੈਣ। ਸਫ਼ਰ ਦੌਰਾਨ ਲੋੜੀਂਦੇ ਦਸਤਾਵੇਜ਼ਾਂ ਅਤੇ ਪੀ.ਐਨ.ਆਰ. ਜਾਣਕਾਰੀ ਦਾ ਪ੍ਰਬੰਧ ਪਹਿਲਾਂ ਤੋਂ ਕਰ ਲੈਣ।