ਬੰਗਾ : ਪੰਜਾਬ ਦੇ ਖਾਣਾਂ ਅਤੇ ਭੂ-ਵਿਗਿਆਨ, ਭੂਮੀ ਅਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਬੰਗਾ ਦੇ 55 ਪਿੰਡਾਂ ਨੂੰ ਸਿੰਚਾਈ ਦਾ ਪਾਣੀ ਮੁਹੱਈਆ ਕਰਵਾਉਣ ਲਈ 14 ਕਰੋੜ ਰੁਪਏ ਦੀ ਲਾਗਤ ਵਾਲੇ ਵਿਸ਼ੇਸ਼ ਪ੍ਰੋਜੈਕਟ ਦਾ ਉਦਘਾਟਨ ਕੀਤਾ। ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਮੌਜੂਦਗੀ ਵਿੱਚ ਖੇਤੀ ਖੇਤਰ ਨੂੰ ਵੱਡੀ ਰਾਹਤ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਕਦਮ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਯੁੱਗ-ਪਲਟਾਊ ਪਹਿਲਕਦਮੀ ਹੈ।
ਜਲ ਸਰੋਤ ਮੰਤਰੀ ਨੇ ਕਿਹਾ ਕਿ ਬਿਸਤ ਦੁਆਬ ਨਹਿਰ ਅਤੇ ਗ੍ਰਾਊਂਡ ਵਾਟਰ ਡਵੀਜ਼ਨ ਜਲੰਧਰ ਅਧੀਨ ਨਹਿਰੀ ਪ੍ਰਸ਼ਾਸਨ ਅਤੇ ਪੀ.ਡਬਲਿਊ.ਆਰ.ਐਮ.ਡੀ.ਸੀ. ਵੱਲੋਂ ਤਿਆਰ ਇਸ ਪ੍ਰੋਜੈਕਟ ਉੱਤੇ ਕੁੱਲ 14.01 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 79.52 ਕਿਲੋਮੀਟਰ ਲੰਬਾਈ ਵਾਲੇ 46 ਪੱਕੇ ਖਾਲੇ ਅਤੇ 14 ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ। ਇਸ ਪ੍ਰੋਜੈਕਟ ਨਾਲ ਹਲਕੇ ਦੇ 55 ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਪਹਿਲਾਂ ਇਸ ਖੇਤਰ ਵਿੱਚ 3880 ਏਕੜ ਰਕਬਾ ਨਹਿਰੀ ਸਿੰਚਾਈ ਅਧੀਨ ਸੀ, ਜੋ ਹੁਣ ਵਧ ਕੇ 8770.91 ਏਕੜ ਹੋ ਗਿਆ ਹੈ। ਇਸ ਤਰ੍ਹਾਂ 4890.91 ਏਕੜ ਰਕਬੇ ਨੂੰ ਪਹਿਲੀ ਵਾਰ ਨਹਿਰੀ ਪਾਣੀ ਦੀ ਸੁਵਿਧਾ ਮਿਲੀ ਹੈ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਕੰਗਰੋੜ ਮਾਇਨਰ ਦੀ ਟੇਲ ‘ਤੇ ਰਿਚਾਰਜਿੰਗ ਸਕੀਮ ਅਤੇ ਬੰਗਾ ਰੈਸਟ ਹਾਊਸ ਵਿਖੇ ਨਵੇਂ ਪੌਂਡ ਨਾਲ 267 ਕਿਊਬਿਕ ਮੀਟਰ ਪਾਣੀ ਧਰਤੀ ਹੇਠਾਂ ਭੇਜ ਕੇ ਭੂ-ਜਲ ਸੰਭਾਲ ਵੱਲ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਸਿੰਚਾਈ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ। ਬੰਗਾ ਹਲਕੇ ਵਿੱਚ ਹੋਏ ਇਹ ਵਿਕਾਸ ਕਾਰਜ ਇਸ ਦਿਸ਼ਾ ਵਿੱਚ ਇੱਕ ਅਹਿਮ ਅਤੇ ਸ਼ਲਾਘਾਯੋਗ ਕਦਮ ਹਨ।
ਇਸ ਤੋਂ ਇਲਾਵਾ, ਬੰਗਾ ਵਿੱਚ 22 ਤੋਂ ਵੱਧ ਪਿੰਡਾਂ ਨੂੰ ਰਜਬਾਹਿਆਂ ਤੋਂ ਅਸਥਾਈ ਨਿਕਾਸ (ਆਊਟਲੈੱਟ) ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਨਹਿਰੀ ਪਾਣੀ ਰਾਹੀਂ ਸਿੰਚਾਈ ਸਮਰੱਥਾ ਵਿੱਚ ਹੋਰ ਵਾਧਾ ਹੋ ਕੇ 6,053.42 ਏਕੜ ਹੋ ਗਈ ਹੈ
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਨੂੰ ਸਿੰਚਾਈ ਲਈ ਦਰਿਆਈ ਪਾਣੀ ਦੀ ਵਰਤੋਂ ਦੇ ਮਾਮਲੇ ਵਿੱਚ ਸਵੈ-ਨਿਰਭਰ ਬਣਾਉਣ ਲਈ 7,500 ਕਰੋੜ ਰੁਪਏ ਦੀ ਵੱਡੀ ਰਾਸ਼ੀ ਖਰਚ ਕੀਤੀ ਹੈ, ਜਿਸ ਨਾਲ ਸੂਬੇ ਵਿੱਚ ਕੀਮਤੀ ਧਰਤੀ ਹੇਠਲੇ ਪਾਣੀ, ਬਿਜਲੀ ਅਤੇ ਹੋਰ ਖੇਤੀਬਾੜੀ ਸਰੋਤਾਂ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਸੂਬੇ ਭਰ ਵਿੱਚ 1,117 ਮਾਈਨਰਾਂ ਅਤੇ ਰਜਬਾਹਿਆਂ ਵਿੱਚੋਂ 39,000 ਕਿਊਸਿਕ ਤੋਂ ਵੱਧ ਪਾਣੀ ਵਹਿ ਰਿਹਾ ਹੈ, ਜੋ ਕਿ ਇੱਕ ਰਿਕਾਰਡ ਵਾਧਾ ਹੈ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ

