ਫਸੇ ਹੋਏ ਮੁਸਾਫਰਾਂ ਲਈ ਹੋਟਲ ਤੇ ਖਾਣਾ ਬਿਲਕੁਲ ਮੁਫ਼ਤ : ਦੁਬਈ ਸਰਕਾਰ

ਅਬੂ ਧਾਬੀ: ਮਿਡਲ ਈਸਟ ਵਿੱਚ ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧ ਰਹੇ ਤਣਾਅ ਕਾਰਨ ਜਿੱਥੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ, ਉੱਥੇ ਹੀ ਅਬੂ ਧਾਬੀ ਸਰਕਾਰ ਨੇ ਮਾਨਵਤਾ ਦੀ ਇੱਕ ਮਿਸਾਲ ਪੇਸ਼ ਕੀਤੀ ਹੈ। ਅਬੂ ਧਾਬੀ ਦੇ ‘ਸਭਿਆਚਾਰ ਅਤੇ ਸੈਰ-ਸਪਾਟਾ ਵਿਭਾਗ’ ਨੇ ਹੁਕਮ ਜਾਰੀ ਕੀਤੇ ਹਨ ਕਿ ਫਲਾਈਟਾਂ ਰੱਦ ਹੋਣ ਕਾਰਨ ਫਸੇ ਹੋਏ ਮੁਸਾਫਰਾਂ ਨੂੰ ਹੋਟਲਾਂ ਵਿੱਚ ਮੁਫ਼ਤ ਠਹਿਰਾਇਆ ਜਾਵੇ

ਮੁਸਾਫਰਾਂ ‘ਤੇ ਨਹੀਂ ਪਵੇਗਾ ਖਰਚੇ ਦਾ ਬੋਝ
ਆਮ ਤੌਰ ‘ਤੇ ਜਦੋਂ ਫਲਾਈਟਾਂ ਰੱਦ ਹੁੰਦੀਆਂ ਹਨ, ਤਾਂ ਮੁਸਾਫਰਾਂ ਨੂੰ ਮਹਿੰਗੇ ਹੋਟਲਾਂ ਅਤੇ ਵਾਧੂ ਖਰਚਿਆਂ ਦੀ ਚਿੰਤਾ ਸਤਾਉਂਦੀ ਹੈ। ਪਰ ਅਬੂ ਧਾਬੀ ਵਿੱਚ ਸਥਿਤੀ ਬਿਲਕੁਲ ਉਲਟ ਹੈ। ਸਰਕਾਰ ਨੇ ਹੋਟਲਾਂ ਨੂੰ ਸਪੱਸ਼ਟ ਹਦਾਇਤ ਕੀਤੀ ਹੈ ਕਿ:

ਜਿਨ੍ਹਾਂ ਮੁਸਾਫਰਾਂ ਦੀਆਂ ਫਲਾਈਟਾਂ ਰੱਦ ਹੋਈਆਂ ਹਨ, ਉਨ੍ਹਾਂ ਦੇ ਹੋਟਲ ਸਟੇਅ ਨੂੰ ਆਪਣੇ ਆਪ ਵਧਾ ਦਿੱਤਾ ਜਾਵੇ। ਮੁਸਾਫਰਾਂ ਤੋਂ ਇਸ ਦਾ ਕੋਈ ਪੈਸਾ ਨਾ ਲਿਆ ਜਾਵੇ। ਹੋਟਲ ਆਪਣੇ ਖਰਚੇ ਦਾ ਬਿੱਲ ਸਿੱਧਾ ਸਰਕਾਰ (ਟੂਰਿਜ਼ਮ ਵਿਭਾਗ) ਨੂੰ ਭੇਜਣ

20,000 ਤੋਂ ਵੱਧ ਮੁਸਾਫਰਾਂ ਨੂੰ ਮਿਲੇਗੀ ਰਾਹਤ
ਯੂਏਈ (UAE) ਦੀ ਸਿਵਲ ਐਵੀਏਸ਼ਨ ਅਥਾਰਟੀ ਮੁਤਾਬਕ, ਫਲਾਈਟਾਂ ਰੱਦ ਹੋਣ ਕਾਰਨ ਲਗਭਗ 20,000 ਮੁਸਾਫਰ ਫਸੇ ਹੋਏ ਹਨ। ਸਰਕਾਰ ਨੇ ਇਨ੍ਹਾਂ ਸਾਰਿਆਂ ਲਈ ਰਹਿਣ, ਖਾਣ-ਪੀਣ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਰਾਤੋ-ਰਾਤ ਮੁਕੰਮਲ ਕਰ ਲਿਆ ਹੈ। ਦੁਬਈ ਵਿੱਚ ਵੀ ਅਜਿਹੇ ਹੀ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਸੈਲਾਨੀਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

“ਲੋਕ ਪਹਿਲਾਂ” – ਵਿਸ਼ਵ ਭਰ ਵਿੱਚ ਹੋ ਰਹੀ ਸ਼ਲਾਘਾ
ਅਬੂ ਧਾਬੀ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਭਾਰੀ ਸ਼ਲਾਘਾ ਹੋ ਰਹੀ ਹੈ। ਹੈਲੀਓਸ ਕੈਪੀਟਲ ਦੇ ਸੰਸਥਾਪਕ ਸਮੀਰ ਅਰੋੜਾ ਸਮੇਤ ਕਈ ਦਿੱਗਜਾਂ ਨੇ ਇਸ ਨੂੰ ਇੱਕ “ਮਨੁੱਖੀ ਅਤੇ ਕੁਸ਼ਲ” ਫੈਸਲਾ ਦੱਸਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ਕਦਮਾਂ ਨਾਲ ਅਬੂ ਧਾਬੀ ਨੇ ਦੁਨੀਆ ਭਰ ਦੇ ਸੈਲਾਨੀਆਂ ਵਿੱਚ ਇੱਕ ਭਰੋਸੇਮੰਦ ਦੇਸ਼ ਵਜੋਂ ਆਪਣੀ ਪਛਾਣ ਮਜ਼ਬੂਤ ਕੀਤੀ ਹੈ