ਮਾਛੀਵਾੜਾ ਸਾਹਿਬ ਵਿੱਚ ਇੱਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ, ਜਿਥੇ ਕਿ ਦਾਦੇ ਦੇ ਨਾਲ ਸਕੂਲ ਤੋ ਪਰਤ ਰਹੀ ਪੋਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜੋਆ ਬੈਂਸ ਉਮਰ 11 ਸਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦਾਦਾ ਆਪਣੀ ਪੋਤੀ ਨੂੰ ਮੋਟਰਸਾਈਕਲ ਤੇ ਰੋਜਾਨਾ ਦੀ ਤਰਾਂ ਸਕੂਲ ਤੋ ਘਰ ਲੈ ਕੇ ਆ ਰਿਹਾ ਸੀ ਤਾ ਉਨ੍ਹਾਂ ਦਾ ਮੋਟਰਸਾਈਕਲ ਤੂੜੀ ਨਾਲ ਭਰੀ ਟਰਾਲੀ ਨਾਲ ਟਕਰਾ ਗਿਆ ਜਿਸ ਕਾਰਨ ਦੋਵੇਂ ਦਾਦਾ-ਪੋਤੀ ਸੜਕ ‘ਤੇ ਡਿੱਗ ਗਏ।
ਇਸ ਦੌਰਾਨ ਪਿੱਛੇ ਤੋਂ ਆ ਰਿਹਾ ਟਿੱਪਰ ਸੜਕ ‘ਤੇ ਡਿੱਗੀ ਬੱਚੀ ਜੋਆ ਬੈਂਸ ‘ਤੇ ਚੜ੍ਹ ਗਿਆ ਜਿਸ ਨਾਲ ਟਾਇਰ ਉਸ ਦੇ ਸਿਰ ਦੇ ਉਪਰੋਂ ਲੰਘ ਗਿਆ। ਜ਼ਖਮੀ ਹਾਲਤ ਵਿਚ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿਚ ਮ੍ਰਿਤਕ ਜੋਆ ਬੈਂਸ ਦੇ ਦਾਦਾ ਵਿਜੇ ਕੁਮਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਟਿੱਪਰ ਤੇ ਟਰਾਲੇ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।