ਚੰਡੀਗੜ੍ਹ: ਪੰਜਾਬ ਵਿੱਚ ਸੜਕੀ ਹਾਦਸਿਆਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗਠਿਤ ਕੀਤੀ ਗਈ ‘ਸੜਕ ਸੁਰੱਖਿਆ ਫੋਰਸ’ (SSF) ਦੇ ਬੇਮਿਸਾਲ ਨਤੀਜੇ ਸਾਹਮਣੇ ਆਏ ਹਨ। ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 48 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ, ਜੋ ਕਦੇ ਦੇਸ਼ ਦੇ ਸਭ ਤੋਂ ਵੱਧ ਸੜਕੀ ਹਾਦਸਿਆਂ ਵਾਲੇ ਚੋਟੀ ਦੇ ਤਿੰਨ ਰਾਜਾਂ ਵਿੱਚ ਸ਼ਾਮਲ ਸੀ, ਹੁਣ ਦੂਜੇ ਰਾਜਾਂ ਲਈ ਇੱਕ ਮਾਰਗਦਰਸ਼ਕ ਬਣ ਕੇ ਉੱਭਰਿਆ ਹੈ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਵਿੱਚ ਕੀਤਾ ਜ਼ਿਕਰ
ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਦੇ ਇਸ ਮਾਡਲ ਦੀ ਚਰਚਾ ਹੁਣ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਉਨ੍ਹਾਂ ਕਿਹਾ, “ਭਾਰਤ ਦੇ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਸੜਕ ਸੁਰੱਖਿਆ ਬਾਰੇ ਗੱਲ ਕੀਤੀ ਸੀ, ਪਰ ਪੰਜਾਬ ਨੇ ‘ਸੜਕ ਸੁਰੱਖਿਆ ਫੋਰਸ’ ਬਣਾ ਕੇ ਪੂਰੇ ਦੇਸ਼ ਨੂੰ ਇੱਕ ਨਵਾਂ ਰਾਹ ਦਿਖਾਇਆ ਹੈ।” ਕਈ ਹੋਰ ਰਾਜਾਂ ਨੇ ਵੀ ਇਸ ਮਾਡਲ ਨੂੰ ਆਪਣੇ ਇੱਥੇ ਲਾਗੂ ਕਰਨ ਲਈ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਹੈ
SSF ਦੀ ਸਫਲਤਾ ਦੇ ਮੁੱਖ ਕਾਰਨ
ਮੁੱਖ ਮੰਤਰੀ ਨੇ ਇਸ ਫੋਰਸ ਦੀ ਕਾਰਜਪ੍ਰਣਾਲੀ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ:
ਵਿਸ਼ੇਸ਼ ਸਿਖਲਾਈ ਪ੍ਰਾਪਤ ਫੋਰਸ: SSF ਵਿੱਚ 1,597 ਨਵੇਂ ਭਰਤੀ ਕੀਤੇ ਜਵਾਨ ਸ਼ਾਮਲ ਹਨ, ਜੋ ਆਧੁਨਿਕ ਤਕਨੀਕਾਂ ਨਾਲ ਲੈਸ ਹਨ।
ਆਧੁਨਿਕ ਵਾਹਨ: ਇਸ ਫੋਰਸ ਨੂੰ 144 ਅਤਿ-ਆਧੁਨਿਕ ਅਤੇ ਪੂਰੀ ਤਰ੍ਹਾਂ ਲੈਸ ਵਾਹਨ ਦਿੱਤੇ ਗਏ ਹਨ, ਜੋ ਹਰ ਵੇਲੇ ਸੜਕਾਂ ‘ਤੇ ਤਾਇਨਾਤ ਰਹਿੰਦੇ ਹਨ।
4,200 ਕਿਲੋਮੀਟਰ ਦਾ ਘੇਰਾ: ਇਹ ਫੋਰਸ ਸੂਬੇ ਦੇ 4,200 ਕਿਲੋਮੀਟਰ ਲੰਬੇ ਹਾਈਵੇਅ ‘ਤੇ ਤਾਇਨਾਤ ਹੈ, ਜੋ ਹਾਦਸਿਆਂ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਹਨ।
ਤੁਰੰਤ ਸਹਾਇਤਾ: ਹਾਦਸੇ ਤੋਂ ਬਾਅਦ ਤੁਰੰਤ ਫਸਟ ਏਡ ਅਤੇ ਹਸਪਤਾਲ ਪਹੁੰਚਾਉਣ ਕਾਰਨ ਮੌਤਾਂ ਦੀ ਦਰ ਘਟੀ ਹੈ। ਇਸ ਤੋਂ ਇਲਾਵਾ, ਇਹ ਫੋਰਸ ਹਾਦਸਾਗ੍ਰਸਤ ਲੋਕਾਂ ਦੇ ਕੀਮਤੀ ਸਮਾਨ ਅਤੇ ਪੈਸਿਆਂ ਦੀ ਸੁਰੱਖਿਆ ਵੀ ਯਕੀਨੀ ਬਣਾਉਂਦੀ ਹੈ

