ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਜਲਦੀ ਹੀ ਇੱਕ ਹੋਰ ਵੱਡਾ ਸਿਆਸੀ ਧਮਾਕਾ ਹੋਣ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਲਦੀ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪੱਲਾ ਫੜ ਸਕਦੇ ਹਨ।
ਅਮਿਤ ਸ਼ਾਹ ਖ਼ੁਦ ਕਰਵਾ ਸਕਦੇ ਹਨ ਸ਼ਾਮਲ
ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ੁਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣਗੇ। ਹਾਲਾਂਕਿ, ਇਸ ਅਹਿਮ ਸਿਆਸੀ ਘਟਨਾਕ੍ਰਮ ਬਾਰੇ ਫ਼ਿਲਹਾਲ ਨਾ ਤਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਅਤੇ ਨਾ ਹੀ ਭਾਜਪਾ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ, ਪਰ ਸਿਆਸੀ ਗਲਿਆਰਿਆਂ ਵਿੱਚ ਇਸ ਬਾਰੇ ਚਰਚਾਵਾਂ ਜ਼ੋਰਾਂ ‘ਤੇ ਹਨ।
ਅਕਾਲੀ ਦਲ ਨੇ ਦਿਖਾਇਆ ਸੀ ਬਾਹਰ ਦਾ ਰਸਤਾ
ਜ਼ਿਕਰਯੋਗ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜੀਜਾ ਹਨ ਅਤੇ ਪੰਜਾਬ ਦੀ ਸਿਆਸਤ ਦਾ ਇੱਕ ਪ੍ਰਭਾਵਸ਼ਾਲੀ ਚਿਹਰਾ ਰਹੇ ਹਨ। ਉਹ ਪੰਜਾਬ ਸਰਕਾਰ ਵਿੱਚ ਆਬਕਾਰੀ ਵਿਭਾਗ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਰਗੇ ਅਹਿਮ ਵਿਭਾਗਾਂ ਦੇ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਸਾਲ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ।
‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਨਾਲ ਸਨ ਜੁੜੇ
ਅਕਾਲੀ ਦਲ ਵਿੱਚੋਂ ਬਾਹਰ ਹੋਣ ਮਗਰੋਂ ਉਹ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ (ਸੁਧਾਰ ਲਹਿਰ) ਨਾਲ ਜੁੜ ਗਏ ਸਨ। ਇਸ ਧੜੇ ਵੱਲੋਂ ਉਨ੍ਹਾਂ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਆਬਜ਼ਰਵਰ ਵੀ ਨਿਯੁਕਤ ਕੀਤਾ ਗਿਆ ਸੀ। ਹੁਣ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਖ਼ਬਰ ਦੀ ਅਧਿਕਾਰਤ ਪੁਸ਼ਟੀ ਕਦੋਂ ਹੁੰਦੀ ਹੈ।
