ਦਿੱਲੀ: ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਜੰਗ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸੋਸ਼ਲ ਮੀਡੀਆ ਰਾਹੀਂ ਸਿੱਧਾ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਘਰ-ਘਰ ਵਿੱਚ ਨਸ਼ਾ ਪਹੁੰਚਾਉਣ ਲਈ ਭਾਜਪਾ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ
ਅਕਾਲੀ-ਭਾਜਪਾ ਗਠਜੋੜ ‘ਤੇ ਗੰਭੀਰ ਇਲਜ਼ਾਮ
ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਪੁਰਾਣੇ ਸ਼ਾਸਨ ਕਾਲ ਨੂੰ “ਕਾਲਾ ਦੌਰ” ਦੱਸਿਆ। ਉਨ੍ਹਾਂ ਇਲਜ਼ਾਮ ਲਾਇਆ ਕਿ:
- ਅੰਤਰਰਾਸ਼ਟਰੀ ਡਰੱਗ ਤਸਕਰਾਂ ਨੂੰ ਉਸ ਸਮੇਂ ਦੇ ਮੰਤਰੀਆਂ ਦੇ ਘਰਾਂ ਵਿੱਚ ਪਨਾਹ ਮਿਲਦੀ ਸੀ
- ਨਸ਼ਾ ਤਸਕਰਾਂ (ਪੈਡਲਰਾਂ) ਨੂੰ ਪੁਲਿਸ ਦੀਆਂ ਗੱਡੀਆਂ ਅਤੇ ਹਥਿਆਰਬੰਦ ਸੁਰੱਖਿਆ ਹੇਠ ਪੂਰੇ ਸੂਬੇ ਵਿੱਚ ਘੁਮਾ ਕੇ ਨਸ਼ਾ ਵੰਡਿਆ ਜਾਂਦਾ ਸੀ
- ਅੱਜ ਮਾਨ ਸਰਕਾਰ ਉਨ੍ਹਾਂ ਦੋਸ਼ੀ ਮੰਤਰੀਆਂ ਨੂੰ ਜੇਲ੍ਹ ਭੇਜ ਰਹੀ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਵਰਤ ਰਹੀ ਹੈ
ਗੁਜਰਾਤ ਦੇ ‘ਮੁੰਦਰਾ ਪੋਰਟ’ ਦਾ ਚੁੱਕਿਆ ਮੁੱਦਾ
ਅਮਿਤ ਸ਼ਾਹ ਨੂੰ ਘੇਰਦਿਆਂ ਕੇਜਰੀਵਾਲ ਨੇ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਨਸ਼ਿਆਂ ਦੀ ਇੰਨੀ ਹੀ ਚਿੰਤਾ ਹੈ, ਤਾਂ ਉਹ ਗੁਜਰਾਤ ਵਿੱਚ ਆਪਣਾ “ਡਬਲ ਇੰਜਣ” ਕਿਉਂ ਨਹੀਂ ਚਲਾਉਂਦੇ? ਉਨ੍ਹਾਂ ਨੇ ਮੁੰਦਰਾ ਪੋਰਟ ਤੋਂ ਬਰਾਮਦ ਹੋਈ 20,000 ਕਰੋੜ ਰੁਪਏ ਦੀ ਡਰੱਗਜ਼ ਦਾ ਜ਼ਿਕਰ ਕਰਦਿਆਂ ਪੁੱਛਿਆ ਕਿ ਪੋਰਟ ਦੇ ਮਾਲਕ ਨੂੰ ਜੇਲ੍ਹ ਕਿਉਂ ਨਹੀਂ ਭੇਜਿਆ ਗਿਆ?
CAG ਦੀ ਰਿਪੋਰਟ ‘ਤੇ ਚੁਟਕੀ: “ਕੀ ਚੂਹੇ ਡਰੱਗਜ਼ ਖਾ ਗਏ?”
ਕੇਜਰੀਵਾਲ ਨੇ CAG ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਗੁਜਰਾਤ ਪੁਲਿਸ ‘ਤੇ ਤਨਜ਼ ਕੱਸਿਆ। ਉਨ੍ਹਾਂ ਕਿਹਾ ਕਿ ਰਿਪੋਰਟ ਮੁਤਾਬਕ ਗੁਜਰਾਤ ਵਿੱਚ ਪੁਲਿਸ ਹਿਰਾਸਤ ਵਿੱਚੋਂ 2300 ਕਿੱਲੋ ਡਰੱਗਜ਼ ਚੂਹੇ ਖਾ ਗਏ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਯਕੀਨ ਕਰਨ ਯੋਗ ਗੱਲ ਹੈ? ਉਨ੍ਹਾਂ ਦਾਅਵਾ ਕੀਤਾ ਕਿ ਅਸਲ ਵਿੱਚ ਇਹ ਡਰੱਗਜ਼ ਪੁਲਿਸ ਹਿਰਾਸਤ ਵਿੱਚੋਂ ਚੋਰੀ ਕਰਕੇ ਬਾਜ਼ਾਰ ਵਿੱਚ ਵੇਚੀ ਗਈ ਹੈ, ਜਿਸ ਨਾਲ ਲੱਖਾਂ ਘਰ ਬਰਬਾਦ ਹੋਏ ਹਨ।
ਮਾਨ ਸਰਕਾਰ ਦੀ ਸ਼ਲਾਘਾ
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਭਾਜਪਾ ਸਰਕਾਰ ਦਾ ਇੰਤਜ਼ਾਰ ਜਨਤਾ ਨਹੀਂ, ਸਗੋਂ ਉਹ ਵੱਡੇ ਨਸ਼ਾ ਕਾਰੋਬਾਰੀ ਕਰ ਰਹੇ ਹਨ ਜਿਨ੍ਹਾਂ ਨੂੰ ਮਾਨ ਸਰਕਾਰ ਦੀ ਸਖ਼ਤੀ ਕਾਰਨ ਸੂਬਾ ਛੱਡ ਕੇ ਭੱਜਣਾ ਪਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨਸ਼ਿਆਂ ਵਿਰੁੱਧ ਇੱਕ ਫੈਸਲਾਕੁੰਨ ਲੜਾਈ ਲੜ ਰਿਹਾ ਹੈ
