ਕੈਨੇਡਾ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਨੋਵਾ ਸਕੋਸ਼ੀਆ ਦੇ ਬ੍ਰਿਜਵਾਟਰ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਕਾਰਨ 24 ਸਾਲਾ ਭਾਰਤੀ ਵਿਦਿਆਰਥਣ ਅਮਿਤੋਜ ਕੌਰ ਦੀ ਮੌਤ ਹੋ ਗਈ। ਅਮਿਤੋਜ 2020 ਵਿੱਚ ਉਚੇਰੀ ਸਿੱਖਿਆ ਲਈ ਕੈਨੇਡਾ ਆਈ ਸੀ
ਪਰਿਵਾਰ ਦੀ ਇਕਲੌਤੀ ਆਸ ਸੀ ਅਮਿਤੋਜ
ਅਮਿਤੋਜ ਦੇ ਚਾਚਾ ਗੋਬਿੰਦ ਨਿਸ਼ਾਨ ਸਿੰਘ ਨੇ ਦੱਸਿਆ ਕਿ ਅਮਿਤੋਜ ਬੇਹੱਦ ਮਿਹਨਤੀ ਅਤੇ ਜ਼ਿੰਮੇਵਾਰ ਕੁੜੀ ਸੀ। ਘਰ ਵਿੱਚ ਪਿਤਾ ਦੀ ਬਿਮਾਰੀ ਅਤੇ ਆਰਥਿਕ ਤੰਗੀ ਕਾਰਨ ਉਸ ਨੇ ਆਪਣੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਚੁੱਕੀ ਹੋਈ ਸੀ। ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਸਫਾਈ ਸੇਵਾ (cleaning service) ਵਿੱਚ ਕੰਮ ਕਰਦੀ ਸੀ ਤਾਂ ਜੋ ਭਾਰਤ ਵਿੱਚ ਬੈਠੇ ਆਪਣੇ ਮਾਪਿਆਂ ਦੀ ਮਦਦ ਕਰ ਸਕੇ। ਵੱਡੀ ਗੱਲ ਇਹ ਹੈ ਕਿ ਆਪਣੇ ਪਰਿਵਾਰ ਲਈ ਕਮਾਈ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਚੱਕਰ ਵਿੱਚ ਉਹ 2020 ਤੋਂ ਬਾਅਦ ਇੱਕ ਵਾਰ ਵੀ ਆਪਣੇ ਘਰ ਨਹੀਂ ਜਾ ਸਕੀ ਸੀ।
ਘਟਨਾ ਕਿਵੇਂ ਵਾਪਰੀ?
ਰਿਪੋਰਟਾਂ ਅਨੁਸਾਰ, 10 ਜੂਨ ਦੀ ਸਵੇਰ ਨੂੰ ਇਸ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗੀ। ਇਮਾਰਤ ਵਿੱਚ ਕੁੱਲ 10 ਲੋਕ ਰਹਿ ਰਹੇ ਸਨ, ਜਿਨ੍ਹਾਂ ਵਿੱਚੋਂ 8 ਭਾਰਤੀ ਸਨ। ਅਮਿਤੋਜ ਇਮਾਰਤ ਦੇ ਬੇਸਮੈਂਟ ਵਿੱਚ ਰਹਿੰਦੀ ਸੀ, ਜਿੱਥੇ ਉਹ ਅੱਗ ਦੀ ਲਪੇਟ ਵਿੱਚ ਆ ਗਈ। ਗੁਆਂਢੀਆਂ ਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਅਮਿਤੋਜ ਆਪਣੇ ਕੰਮ ‘ਤੇ ਗਈ ਹੋਈ ਹੈ, ਪਰ ਬਾਅਦ ਵਿੱਚ ਉਸਦੀ ਮੌਤ ਦੀ ਪੁਸ਼ਟੀ ਹੋਈ।
ਪਰਿਵਾਰ ਨੇ ਮੰਗੀ ਮਦਦ, ਫੰਡਰੇਜ਼ਰ ਰਾਹੀਂ ਜੁਟਾਈ ਰਾਸ਼ੀ
ਅਮਿਤੋਜ ਦੇ ਚਾਚਾ ਨੇ ਅਮਿਤੋਜ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਅਤੇ ਅੰਤਿਮ ਸੰਸਕਾਰ ਲਈ ਇੱਕ ਫੰਡਰੇਜ਼ਰ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮ੍ਰਿਤਕ ਦੇਹ ਨੂੰ ਲਿਜਾਣ ਦਾ ਖਰਚਾ ਅਤੇ ਕਾਨੂੰਨੀ ਕਾਰਵਾਈਆਂ ਦਾ ਬੋਝ ਚੁੱਕਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ, “ਸਾਡੀ ਪਹਿਲੀ ਤਰਜੀਹ ਅਮਿਤੋਜ ਨੂੰ ਭਾਰਤ ਵਾਪਸ ਲਿਜਾਣਾ ਹੈ ਤਾਂ ਜੋ ਉਸਦੇ ਮਾਪੇ ਉਸਨੂੰ ਆਖਰੀ ਵਾਰ ਦੇਖ ਸਕਣ।” ਲੋਕਾਂ ਦੇ ਸਹਿਯੋਗ ਨਾਲ ਹੁਣ ਤੱਕ 51,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਇਕੱਠੀ ਹੋ ਚੁੱਕੀ ਹੈ।
ਚਾਚਾ ਗੋਬਿੰਦ ਨਿਸ਼ਾਨ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਮਿਤੋਜ ਦੇ ਮਾਪੇ ਬਜ਼ੁਰਗ ਹਨ ਅਤੇ ਤਕਨੀਕੀ ਤੌਰ ‘ਤੇ ਅਜਿਹੀਆਂ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਸੰਭਾਲਣ ਵਿੱਚ ਅਸਮਰੱਥ ਹਨ, ਇਸ ਲਈ ਸਾਰਾ ਪ੍ਰਬੰਧ ਉਹ ਖੁਦ ਵੇਖ ਰਹੇ ਹਨ