ਅੰਮ੍ਰਿਤਸਰ ਵਿੱਚ ਨਸ਼ੇ ਦੀ ਹਾਲਤ ’ਚ ਕੁਝ ਨਾਬਾਲਗ ਲੜਕੀਆਂ ਵੱਲੋਂ ਸੜਕ ’ਤੇ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੜਕੀਆਂ ਦੀ ਹਰਕਤਾਂ ਅਤੇ ਲੋਕਾਂ ਨਾਲ ਝਗੜਾ ਸਪਸ਼ਟ ਦਿੱਖ ਰਿਹਾ ਹੈ।
ਵੀਡੀਓ ’ਚ ਕੀ ਦਿੱਖ ਰਿਹਾ ਹੈ
ਵਾਇਰਲ ਵੀਡੀਓ ਮੁਤਾਬਕ, ਮੰਗਲਵਾਰ ਦੇਰ ਸ਼ਾਮ ਲਾਰੈਂਸ ਰੋਡ ’ਤੇ ਕੁਝ ਲੜਕੀਆਂ ਆਪਸ ’ਚ ਅਤੇ ਆਸ-ਪਾਸ ਦੇ ਲੋਕਾਂ ਨਾਲ ਝਗੜ ਰਹੀਆਂ ਸਨ। ਇਸ ਦੌਰਾਨ ਇੱਕ ਲੜਕੀ ਸੜਕ ਕਿਨਾਰੇ ਖੜੀ ਗੱਡੀ ਦੇ ਪਿੱਛੇ ਲੁਕ ਕੇ ਨਸ਼ੀਲਾ ਪਦਾਰਥ ਸੂੰਘਦੀ ਹੋਈ ਵੀ ਦਿੱਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀਆਂ ਦੀ ਉਮਰ ਲਗਭਗ 15 ਸਾਲ ਦੇ ਆਸ-ਪਾਸ ਹੈ ਅਤੇ ਉਨ੍ਹਾਂ ਕੋਲੋਂ ਨਸ਼ੇ ਨਾਲ ਸੰਬੰਧਿਤ ਸਮਾਨ ਵੀ ਮਿਲਿਆ।
ਪਿਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ
ਇਸ ਦੌਰਾਨ ਲੜਕੀਆਂ ਦੇ ਪਿਤਾ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੂੰ ਸਮਝਾਉਣ ਤੇ ਰੋਕਣ ਦੀ ਕੋਸ਼ਿਸ਼ ਕੀਤੀ। ਗੁੱਸੇ ਵਿੱਚ ਆ ਕੇ ਪਿਤਾ ਨੇ ਇੱਕ ਲੜਕੀ ਦਾ ਵਾਲ ਫੜ ਕੇ ਉਸਨੂੰ ਘਰ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਲੜਕੀਆਂ ਨੇ ਵਿਰੋਧ ਕਰਦਿਆਂ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ।
ਭੀੜ ਵੱਲੋਂ ਪਿਤਾ ਨਾਲ ਮਾਰ-ਕੁੱਟ
ਮੌਕੇ ’ਤੇ ਇਕੱਠੀ ਹੋਈ ਭੀੜ ਵਿੱਚੋਂ ਕੁਝ ਲੋਕਾਂ ਨੇ ਉਲਟਾ ਪਿਤਾ ਨੂੰ ਹੀ ਥੱਪੜ ਮਾਰ ਦਿੱਤੇ। ਇੱਕ ਨੌਜਵਾਨ ਵੱਲੋਂ 2–3 ਥੱਪੜ ਮਾਰਨ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਹੜਬੋੰਗ ਦੌਰਾਨ ਦੋਵੇਂ ਲੜਕੀਆਂ ਆਪਣੇ ਆਪ ਨੂੰ ਛੁਡਾ ਕੇ ਉੱਥੋਂ ਭੱਜ ਗਈਆਂ, ਜਦਕਿ ਪਿਤਾ ਉਨ੍ਹਾਂ ਦੇ ਪਿੱਛੇ-ਪਿੱਛੇ ਦੌੜਦਾ ਰਿਹਾ।
ਘਟਨਾ ਨੇ ਇਕ ਵਾਰ ਫਿਰ ਸ਼ਹਿਰ ਵਿੱਚ ਨਾਬਾਲਗਾਂ ਵਿੱਚ ਵੱਧ ਰਹੇ ਨਸ਼ੇ ਅਤੇ ਸਮਾਜਿਕ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਇਰਲ ਵੀਡੀਓ ਦੇ ਆਧਾਰ ’ਤੇ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
