ਪੰਜਾਬ ਮਹਿਲਾ ਕਮਿਸ਼ਨ ਕੋਲ ਇੱਕ ਐਸੀ ਸ਼ਿਕਾਇਤ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇੱਕ ਪੀੜਤ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਸਕੀ ਮਾਂ ਦੇ ਉਸਦੇ ਹੀ ਸਹੁਰੇ ਨਾਲ ਨਜਾਇਜ਼ ਸਬੰਧ ਹਨ ਅਤੇ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ।
ਪੀੜਤਾ ਮੁਤਾਬਕ, ਜਦੋਂ ਉਸਨੇ ਇਸ ਰਿਸ਼ਤੇ ਦਾ ਵਿਰੋਧ ਕੀਤਾ ਤਾਂ ਉਸਦੀ ਮਾਂ ਨੇ ਉਸਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਘਰੋਂ ਕੱਢ ਦਿੱਤਾ। ਇਥੋਂ ਤੱਕ ਕਿ ਮਾਂ ਨੇ ਪੀੜਤਾ ਦੇ ਪਤੀ ਨੂੰ ਵੀ ਉਸਦੇ ਖ਼ਿਲਾਫ਼ ਭੜਕਾਇਆ ਅਤੇ ਉਸ ’ਤੇ ਨਸ਼ਾ ਕਰਨ ਅਤੇ ਗੈਰਕਾਨੂੰਨੀ ਸਬੰਧਾਂ ਦੇ ਝੂਠੇ ਦੋਸ਼ ਲਗਾਏ।
ਪੀੜਤ ਲੜਕੀ ਨੇ ਇਹ ਵੀ ਦੱਸਿਆ ਕਿ ਉਸਨੂੰ ਘਰ ਅੰਦਰ ਕਈ-ਕਈ ਦਿਨਾਂ ਤੱਕ ਬੰਦ ਰੱਖਿਆ ਗਿਆ ਅਤੇ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ, ਉਸਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ।
ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀੜਤਾ ਦੀ ਮਾਂ ਨੇ ਆਪਣੇ ਪੇਕਿਆਂ ਦੀ ਜ਼ਮੀਨ ’ਤੇ ਗੈਰਕਾਨੂੰਨੀ ਕਬਜ਼ਾ ਕਰ ਰੱਖਿਆ ਹੈ ਅਤੇ ਨਾਨੀ ਦੀ ਜ਼ਮੀਨ ਵੀ ਹੜਪ ਲਈ ਹੈ। ਪੀੜਤਾ ਦਾ ਦਾਅਵਾ ਹੈ ਕਿ ਮਾਂ ਅਕਸਰ ਕਹਿੰਦੀ ਸੀ,
“ਮੈਂ ਪੁਲਿਸ ਨੂੰ ਵੀ ਨਹੀਂ ਛੱਡਿਆ, ਤੂੰ ਤਾਂ ਕੀ ਚੀਜ਼ ਹੈ।”
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਜਾਂਚ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
