ਅੰਮ੍ਰਿਤਸਰ ਵਿੱਚ ਸੋਨੇ ਦੀ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਇੱਕ ਸੁਨਿਆਰੇ ਨੂੰ ਘੇਰ ਕੇ ਕਿਰਪਾਨਾਂ ਨਾਲ ਹਮਲਾ ਕਰਦਿਆਂ ਲੱਖਾਂ ਰੁਪਏ ਮੁੱਲ ਦਾ 425 ਗ੍ਰਾਮ ਸੋਨਾ ਲੁੱਟ ਲਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ, ਅੰਤਰਯਾਮੀ ਕਲੋਨੀ ਵਾਸੀ ਮੁਖਤਿਆਰ ਸਿੰਘ ’ਤੇ ਫਲਾਵਰ ਸਕੂਲ ਨੇੜੇ ਅਚਾਨਕ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਪਹਿਲਾਂ ਉਸਨੂੰ ਘੇਰਿਆ, ਫਿਰ ਕਿਰਪਾਨਾਂ ਨਾਲ ਡਰਾਉਂਦਿਆਂ ਸੋਨੇ ਨਾਲ ਭਰਿਆ ਬੈਗ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਮੁਤਾਬਕ, ਪਿਛਲੇ ਕਰੀਬ ਇੱਕ ਮਹੀਨੇ ਤੋਂ ਫਿਰੌਤੀ ਲਈ ਧਮਕੀ ਭਰੇ ਫੋਨ ਆ ਰਹੇ ਸਨ। ਸ਼ੱਕ ਹੈ ਕਿ ਇਸ ਲੁੱਟ ਦੀ ਯੋਜਨਾ ਪਹਿਲਾਂ ਤੋਂ ਬਣਾਈ ਗਈ ਸੀ ਅਤੇ ਧਮਕੀਆਂ ਦੇ ਪਿੱਛੇ ਵੀ ਇਨ੍ਹਾਂ ਹੀ ਬਦਮਾਸ਼ਾਂ ਦਾ ਹੱਥ ਹੋ ਸਕਦਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਹਮਲਾਵਰਾਂ ਦੀ ਪਛਾਣ ਲਈ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
