ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਵਿਕਾਸ, ਸਿਹਤ ਅਤੇ ਸਿੱਖਿਆ ਸਬੰਧੀ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਹੈ। ਇਸ ਮੀਟਿੰਗ ਵਿੱਚ ਲਹਿਰਾਗਾਗਾ ਵਿੱਚ ਨਵਾਂ ਮੈਡੀਕਲ ਕਾਲਜ ਖੋਲ੍ਹਣ, ਰੀਅਲ ਅਸਟੇਟ ਖੇਤਰ ਨੂੰ ਹੁਲਾਰਾ ਦੇਣ ਅਤੇ ਦੇਸ਼ ਦੀ ਪਹਿਲੀ ‘ਡਿਜੀਟਲ ਓਪਨ ਯੂਨੀਵਰਸਿਟੀ’ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ
- ਲਹਿਰਾਗਾਗਾ ‘ਚ ਬਣੇਗਾ ਮੈਡੀਕਲ ਕਾਲਜ: 150 ਕਿਲੋਮੀਟਰ ਖੇਤਰ ਨੂੰ ਮਿਲੇਗੀ ਰਾਹਤ
ਕੈਬਨਿਟ ਨੇ ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਖਾਲੀ ਇਮਾਰਤ ਵਿੱਚ ਨਵਾਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਐਲਾਨ ਕੀਤਾ ਹੈ | ਇਸ ਕਾਲਜ ਵਿੱਚ MBBS ਦੀਆਂ 100 ਸੀਟਾਂ ਹੋਣਗੀਆਂ, ਜਿਨ੍ਹਾਂ ਵਿੱਚੋਂ 50 ਸੀਟਾਂ ਪੰਜਾਬ ਸਰਕਾਰ ਅਤੇ 50 ਸੀਟਾਂ ਘੱਟ ਗਿਣਤੀ ਭਾਈਚਾਰੇ ਲਈ ਰਾਖਵੀਆਂ ਹੋਣਗੀਆਂ | ਸ਼ੁਰੂਆਤ ਵਿੱਚ ਇਹ 220 ਬਿਸਤਰਿਆਂ ਵਾਲਾ ਹਸਪਤਾਲ ਹੋਵੇਗਾ, ਜਿਸ ਨੂੰ ਬਾਅਦ ਵਿੱਚ ਵਧਾ ਕੇ 421 ਬਿਸਤਰਿਆਂ ਤੱਕ ਕੀਤਾ ਜਾਵੇਗਾ | ਇੰਸਟੀਚਿਊਟ ਵਿੱਚ ਕੰਮ ਕਰ ਰਹੇ 92 ਅਧਿਆਪਕਾਂ ਨੂੰ ਬੇਰੁਜ਼ਗਾਰ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਹੋਰਨਾਂ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਕੀਤਾ ਜਾਵੇਗਾ
ਇਸ ਨਾਲ ਮਾਲਵਾ ਖੇਤਰ ਦੇ ਨਾਲ-ਨਾਲ ਗੁਆਂਢੀ ਰਾਜ ਹਰਿਆਣਾ ਦੇ ਲੋਕਾਂ ਨੂੰ ਵੀ ਵੱਡੀ ਸਿਹਤ ਸਹੂਲਤ ਮਿਲੇਗੀ
- ਗਮਾਡਾ (GMADA) ਦੇ ਪਲਾਟ ਹੋਏ ਸਸਤੇ: ਕੀਮਤਾਂ ‘ਚ 22.5% ਦੀ ਕਟੌਤੀ
ਰੀਅਲ ਅਸਟੇਟ ਖੇਤਰ ਵਿੱਚ ਨਿਵੇਸ਼ਕਾਂ ਨੂੰ ਖਿੱਚਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਮੋਹਾਲੀ ਦੇ ਐਰੋਸਿਟੀ, ਆਈਟੀ ਸਿਟੀ ਅਤੇ ਈਕੋ ਸਿਟੀ ਵਿੱਚ ਜੋ ਰਿਹਾਇਸ਼ੀ ਅਤੇ ਵਪਾਰਕ ਪਲਾਟ ਉੱਚੀਆਂ ਕੀਮਤਾਂ ਕਾਰਨ ਨਹੀਂ ਵਿਕ ਰਹੇ ਸਨ, ਹੁਣ ਉਨ੍ਹਾਂ ਦੀਆਂ ਦਰਾਂ ਵਿੱਚ 22.5 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਫੈਸਲੇ ਨਾਲ ਨਿਲਾਮੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ
ਸਿੱਖਿਆ ‘ਚ ਇਨਕਲਾਬ: ਪੰਜਾਬ ਬਣਿਆ ਦੇਸ਼ ਦਾ ਪਹਿਲਾ ‘ਡਿਜੀਟਲ ਯੂਨੀਵਰਸਿਟੀ’ ਵਾਲਾ ਸੂਬਾ
ਪੰਜਾਬ ਸਰਕਾਰ ਨੇ ‘ਪੰਜਾਬ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਨੀਤੀ’ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਨੀਤੀ ਨਾਲ ਪੰਜਾਬ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਇਹ ਯੂਨੀਵਰਸਿਟੀ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ ਜੋ ਨੌਕਰੀ ਕਰਦੇ ਹਨ ਜਾਂ ਕਿਸੇ ਕਾਰਨ ਨਿਯਮਿਤ ਤੌਰ ‘ਤੇ ਕਾਲਜ ਨਹੀਂ ਜਾ ਸਕਦੇ, ਗਲੋਬਲ ਪੱਧਰ ਦੀ ਇਸ ਸਿੱਖਿਆ ਪ੍ਰਣਾਲੀ ਲਈ 2 ਏਕੜ ਜ਼ਮੀਨ ਅਤੇ 20 ਕਰੋੜ ਰੁਪਏ ਦਾ ਫੰਡ ਰੱਖਣ ਦੀ ਸ਼ਰਤ ਤੈਅ ਕੀਤੀ ਗਈ ਹੈ
- ਨੈਸ਼ਨਲ ਹਾਈਵੇਅ ਲਈ ਮਿੱਟੀ ਦੀ ਸਪਲਾਈ
ਲੁਧਿਆਣਾ ਤੋਂ ਰੋਪੜ ਤੱਕ ਬਣ ਰਹੇ ਨੈਸ਼ਨਲ ਹਾਈਵੇਅ ਦੇ ਕੰਮ ਵਿੱਚ ਆ ਰਹੀ ਰੁਕਾਵਟ ਨੂੰ ਦੂਰ ਕਰਦਿਆਂ ਸਰਕਾਰ ਨੇ ਮਿੱਟੀ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਮੁੱਦਾ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਉਠਾਇਆ ਗਿਆ ਸੀ, ਜਿਸ ‘ਤੇ ਹੁਣ ਸੂਬਾ ਸਰਕਾਰ ਨੇ ਸਹਿਮਤੀ ਜਤਾਈ ਹੈ ਤਾਂ ਜੋ ਸੜਕੀ ਪ੍ਰੋਜੈਕਟ ਜਲਦ ਪੂਰਾ ਹੋ ਸਕੇ

