ਡਾਕਘਰ ‘ਚ ਪੰਜਾਬੀ ਨੂੰ ਲੈ ਕੇ ਭਖਿਆ ਸੀ ਮਾਹੌਲ, ਹੁਣ ਕਰਮਚਾਰੀ ਦਾ ਹੋਇਆ ਤਬਾਦਲਾ

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਸਥਿਤ ਡਾਕਘਰ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਇੱਕ ਵੱਡੇ ਮੋੜ ‘ਤੇ ਪਹੁੰਚ ਗਿਆ ਹੈ। ਮਾਂ-ਬੋਲੀ ਪੰਜਾਬੀ ਨਾ ਬੋਲਣ ਕਾਰਨ ਚਰਚਾ ਵਿੱਚ ਆਏ ਦਿੱਲੀ ਦੇ ਰਹਿਣ ਵਾਲੇ ਡਾਕ ਸਹਾਇਕ ਵਿਸ਼ਾਲ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ

ਕੀ ਸੀ ਪੂਰਾ ਮਾਮਲਾ?
ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਵਿੱਚ ਅੰਮ੍ਰਿਤਸਰ ਡਾਕਘਰ ਵਿੱਚ ਤਾਇਨਾਤ ਅਧਿਕਾਰੀ ਵਿਸ਼ਾਲ ਸਿੰਘ ਗਾਹਕਾਂ ਨਾਲ ਸਿਰਫ਼ ਹਿੰਦੀ ਵਿੱਚ ਗੱਲ ਕਰ ਰਿਹਾ ਸੀ। ਗਾਹਕਾਂ ਵੱਲੋਂ ਪੰਜਾਬੀ ਵਿੱਚ ਗੱਲ ਕਰਨ ਦੀ ਅਪੀਲ ਕਰਨ ‘ਤੇ ਜਦੋਂ ਅਧਿਕਾਰੀ ਨੇ ਅਸਮਰਥਾ ਜਤਾਈ, ਤਾਂ ਮਾਹੌਲ ਗਰਮਾ ਗਿਆ ਅਤੇ ਲੋਕਾਂ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ

ਵਿਭਾਗ ਵੱਲੋਂ ਤੁਰੰਤ ਕਾਰਵਾਈ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੰਮ੍ਰਿਤਸਰ ਡਾਕਘਰ ਡਿਵੀਜ਼ਨ ਦੇ ਸੁਪਰਡੈਂਟ ਪ੍ਰਵੀਨ ਪ੍ਰਸੂਨ ਨੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ: ਸੰਬੰਧਿਤ ਕਰਮਚਾਰੀ ਵਿਸ਼ਾਲ ਸਿੰਘ ਦਾ ਤਬਾਦਲਾ ਦੂਜੇ ਵਿਭਾਗ ਵਿੱਚ ਕਰ ਦਿੱਤਾ ਗਿਆ ਹੈ। ਵਿਸ਼ਾਲ ਸਿੰਘ ਪਿਛਲੇ 4 ਸਾਲਾਂ ਤੋਂ ਇੱਥੇ ਸੇਵਾ ਨਿਭਾ ਰਿਹਾ ਸੀ ਅਤੇ ਮੂਲ ਰੂਪ ਵਿੱਚ ਦਿੱਲੀ ਦਾ ਰਹਿਣ ਵਾਲਾ ਹੈ।

“ਡਾਕਘਰ ਦੇ ਸਟਾਫ਼ ਨੂੰ ਹੁਣ ਪੰਜਾਬੀ ਪੜ੍ਹਨ ਅਤੇ ਬੋਲਣ ਦੀ ਬੁਨਿਆਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਗਾਹਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।” – ਪ੍ਰਵੀਨ ਪ੍ਰਸੂਨ (ਸੁਪਰਡੈਂਟ, ਡਾਕਘਰ)

ਵੀਡੀਓ ਬਣਾਉਣ ‘ਤੇ ਜਤਾਇਆ ਇਤਰਾਜ਼
ਸੁਪਰਡੈਂਟ ਨੇ ਜਿੱਥੇ ਭਾਸ਼ਾ ਦੀ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ, ਉੱਥੇ ਹੀ ਉਨ੍ਹਾਂ ਨੇ ਡਿਊਟੀ ਦੌਰਾਨ ਕਰਮਚਾਰੀ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਨਿੰਦਾ ਵੀ ਕੀਤੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਚੋਣ ਕੇਂਦਰੀ ਪੱਧਰ ‘ਤੇ ਹਿੰਦੀ ਅਤੇ ਅੰਗਰੇਜ਼ੀ ਦੀ ਯੋਗਤਾ ਦੇ ਆਧਾਰ ‘ਤੇ ਹੁੰਦੀ ਹੈ, ਜਿਸ ਕਾਰਨ ਬਾਹਰੀ ਰਾਜਾਂ ਦੇ ਨੌਜਵਾਨ ਇੱਥੇ ਭਰਤੀ ਹੁੰਦੇ ਹਨ