ਸਿਡਨੀ (ਆਸਟ੍ਰੇਲੀਆ) | ਵੱਡੀ ਖ਼ਬਰ
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇੱਕ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਿਡਨੀ ਦੇ ਬੋਂਡੀ ਬੀਚ ‘ਤੇ ਸਮੂਹਿਕ ਗੋਲੀਬਾਰੀ ਦੀ ਵਾਰਦਾਤ ਵਾਪਰੀ ਹੈ, ਜਿਸ ਵਿੱਚ ਲਗਭਗ 10 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
ਪ੍ਰਾਰੰਭਿਕ ਜਾਣਕਾਰੀ ਮੁਤਾਬਕ ਇਹ ਹਮਲਾ ਯਹੂਦੀ ਤਿਉਹਾਰ ਹਨੂਕਾ ਦੇ ਮੌਕੇ ਬੋਂਡੀ ਬੀਚ ‘ਤੇ ਆਯੋਜਿਤ ਸਮਾਗਮ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਨੂਕਾ ਅੱਠ ਦਿਨਾਂ ਤੱਕ ਮਨਾਇਆ ਜਾਣ ਵਾਲਾ ਧਾਰਮਿਕ ਤਿਉਹਾਰ ਹੈ ਅਤੇ ਇਹ ਘਟਨਾ ਇਸ ਦੇ ਪਹਿਲੇ ਦਿਨ ਵਾਪਰੀ।
ਘਟਨਾ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਹਿਰਾ ਦੁੱਖ ਜਤਾਇਆ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ “ਬੋਂਡੀ ਬੀਚ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਬਹੁਤ ਹੀ ਦੁਖਦਾਈ ਹਨ। ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਕੇ ਜਾਨਾਂ ਬਚਾਉਣ ਲਈ ਕੰਮ ਕਰ ਰਹੀਆਂ ਹਨ। ਮੇਰੀ ਸੰਵੇਦਨਾ ਪ੍ਰਭਾਵਿਤ ਸਾਰੇ ਲੋਕਾਂ ਨਾਲ ਹੈ।”
ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਅਨੁਸਾਰ, ਹਮਲਾਵਰਾਂ ਨੇ ਸ਼ਾਮ ਕਰੀਬ 6:30 ਵਜੇ (ਆਸਟ੍ਰੇਲੀਅਨ ਸਮੇਂ ਅਨੁਸਾਰ) ਗੋਲੀਬਾਰੀ ਕੀਤੀ, ਉਸ ਸਮੇਂ ਸੈਂਕੜੇ ਲੋਕ ਬੀਚ ‘ਤੇ ਹਨੂਕਾ ਸਮਾਗਮ ਵਿੱਚ ਸ਼ਾਮਲ ਸਨ। ਸਥਾਨਕ ਮੀਡੀਆ ਵੱਲੋਂ ਜਾਰੀ ਵੀਡੀਓਜ਼ ਵਿੱਚ ਲੋਕਾਂ ਨੂੰ ਜ਼ਮੀਨ ‘ਤੇ ਡਿੱਗੇ ਹੋਏ ਵੇਖਿਆ ਜਾ ਸਕਦਾ ਹੈ।
ਨਿਊ ਸਾਊਥ ਵੇਲਜ਼ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਤੋਂ ਬਾਅਦ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਗਹਿਰੀ ਜਾਂਚ ਜਾਰੀ ਹੈ ਅਤੇ ਲੋਕਾਂ ਨੂੰ ਬੋਂਡੀ ਬੀਚ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਗੌਰਤਲਬ ਹੈ ਕਿ ਇਹ ਘਟਨਾ ਸਿਡਨੀ ਵਿੱਚ 11 ਸਾਲ ਪਹਿਲਾਂ ਹੋਏ ਭਿਆਨਕ ਲਿੰਡਟ ਕੈਫੇ ਹਮਲੇ ਦੀ ਯਾਦ ਤਾਜ਼ਾ ਕਰਵਾ ਦਿੰਦੀ ਹੈ, ਜਿੱਥੇ ਇੱਕ ਹਮਲਾਵਰ ਨੇ 18 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਉਸ ਘਟਨਾ ਦੌਰਾਨ 16 ਘੰਟਿਆਂ ਤੱਕ ਚੱਲੇ ਮੁਕਾਬਲੇ ਵਿੱਚ ਦੋ ਬੰਧਕਾਂ ਅਤੇ ਹਮਲਾਵਰ ਦੀ ਮੌਤ ਹੋ ਗਈ ਸੀ।
ਫਿਲਹਾਲ, ਸਿਡਨੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹਾਲਾਤਾਂ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।
