ਵਿਵਾਦਾਂ ‘ਚ ਘਿਰੇ ਬੇਨ ਸਟੋਕਸ: ਨਾਈਟ ਕਲੱਬ ਦੇ ਬਾਹਰ ਲੜਾਈ ਦੀ ਵੀਡੀਓ ਵਾਇਰਲ; ECB ਵੱਲੋਂ ਜਾਂਚ ਸ਼ੁਰੂ

ਲੰਡਨ: ਇਗਲੈਂਡ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਅਤੇ ਟੈਸਟ ਕਪਤਾਨ ਬੇਨ ਸਟੋਕਸ ਇੱਕ ਵਾਰ ਫਿਰ ਵੱਡੇ ਵਿਵਾਦ ਵਿੱਚ ਫਸ ਗਏ ਹਨ। ਇੱਕ ਨਾਈਟ ਕਲੱਬ ਦੇ ਬਾਹਰ ਹੋਈ ਕਥਿਤ ਹੱਥੋਪਾਈ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ECB) ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਵਾਦ ਕਾਰਨ ਨਾ ਸਿਰਫ਼ ਉਨ੍ਹਾਂ ਦੀ ਕਪਤਾਨੀ ਖ਼ਤਰੇ ਵਿੱਚ ਹੈ, ਸਗੋਂ ਉਨ੍ਹਾਂ ਦੇ ਸੰਨਿਆਸ ਲੈਣ ਦੀਆਂ ਚਰਚਾਵਾਂ ਵੀ ਬਾਜ਼ਾਰ ਵਿੱਚ ਗਰਮ ਹਨ

ਕੀ ਹੈ ਪੂਰਾ ਮਾਮਲਾ ਅਤੇ ਵਾਇਰਲ ਵੀਡੀਓ?
ਇਹ ਘਟਨਾ ਐਤਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ ਵਿੱਚ ਬੇਨ ਸਟੋਕਸ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਗਸ ਐਟਕਿੰਸਨ ਨਾਈਟ ਕਲੱਬ ਦੇ ਬਾਹਰ ਸੜਕ ‘ਤੇ ਇੱਕ ਰਗਬੀ ਖਿਡਾਰੀ ਅਤੇ ਉਸ ਦੇ ਸਾਥੀਆਂ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਹਨ

ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਜੋ ਦੇਖਦੇ ਹੀ ਦੇਖਦੇ ਹੱਥੋਪਾਈ ਵਿੱਚ ਬਦਲ ਗਈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਝੜਪ ਦੌਰਾਨ ਕਈ ਮੁੱਕੇ ਚੱਲੇ ਅਤੇ ਇੱਕ ਵਿਅਕਤੀ ਜ਼ਮੀਨ ‘ਤੇ ਵੀ ਡਿੱਗ ਗਿਆ।

ਇਹ ਘਟਨਾ ਇੰਗਲੈਂਡ ਦੀ ਲਾਰਡਜ਼ ਟੈਸਟ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 115 ਦੌੜਾਂ ਦੀ ਸ਼ਾਨਦਾਰ ਜਿੱਤ ਤੋਂ ਮਹਿਜ਼ ਕੁਝ ਘੰਟੇ ਬਾਅਦ ਵਾਪਰੀ, ਜਿੱਥੇ ਖਿਡਾਰੀ ਜਿੱਤ ਦਾ ਜਸ਼ਨ ਮਨਾਉਣ ਪਹੁੰਚੇ ਸਨ

ECB ਨੇ ਸਖ਼ਤ ਰੁਖ਼ ਅਪਣਾਇਆ, ਕ੍ਰਿਕਟ ਰੈਗੂਲੇਟਰ ਨੂੰ ਸੌਂਪਿਆ ਮਾਮਲਾ
ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕ੍ਰਿਕਟ ਬੋਰਡ (ECB) ਤੁਰੰਤ ਹਰਕਤ ਵਿੱਚ ਆ ਗਿਆ ਹੈ। ਬੋਰਡ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਟੀਮ ਪ੍ਰੋਟੋਕੋਲ ਦੇ ਸੰਭਾਵਿਤ ਉਲੰਘਣ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ

ਬੋਰਡ ਦਾ ਅਧਿਕਾਰਤ ਬਿਆਨ:
“ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਤੋਂ ਬਾਅਦ ਸਾਹਮਣੇ ਆਈ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬੇਨ ਸਟੋਕਸ ਅਤੇ ਗਸ ਐਟਕਿੰਸਨ ਸੋਮਵਾਰ ਤੜਕੇ ਉਸ ਨਾਈਟ ਕਲੱਬ ਵਿੱਚ ਮੌਜੂਦ ਸਨ। ਮਾਮਲੇ ਨਾਲ ਜੁੜੇ ਹੋਰ ਤੱਥ ਅਤੇ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ। ਇਸ ਪੂਰੇ ਘਟਨਾਕ੍ਰਮ ਦੀ ਰਿਪੋਰਟ ‘ਕ੍ਰਿਕਟ ਰੈਗੂਲੇਟਰ’ ਨੂੰ ਵੀ ਭੇਜ ਦਿੱਤੀ ਗਈ ਹੈ।”

ਕਪਤਾਨੀ ਅਤੇ ਕਰੀਅਰ ‘ਤੇ ਲਟਕੀ ਤਲਵਾਰ
ਇਸ ਹਾਈ-ਪ੍ਰੋਫਾਈਲ ਵਿਵਾਦ ਤੋਂ ਬਾਅਦ ਕ੍ਰਿਕਟ ਜਗਤ ਵਿੱਚ ਹਲਚਲ ਮਚ ਗਈ ਹੈ। ਖ਼ਬਰਾਂ ਹਨ ਕਿ ਜੇਕਰ ਜਾਂਚ ਵਿੱਚ ਅਨੁਸ਼ਾਸਨਹੀਣਤਾ ਸਾਬਤ ਹੁੰਦੀ ਹੈ, ਤਾਂ ਬੇਨ ਸਟੋਕਸ ਨੂੰ ਆਪਣੀ ਛੱਡਣੀ ਪੈ ਸਕਦੀ। ਇੰਨਾ ਹੀ ਨਹੀਂ, ਇਸ ਮਾਨਸਿਕ ਤਣਾਅ ਅਤੇ ਵਿਵਾਦਾਂ ਕਾਰਨ ਉਹ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਵੀ ਵਿਚਾਰ ਕਰ ਸਕਦੇ ਹਨ, ਜਿਸ ਨਾਲ ਇੰਗਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ