ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਦਲ-ਬਦਲੀ ਦਾ ਦੌਰ ਜਾਰੀ ਹੈ। ਫਾਜ਼ਿਲਕਾ ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਅੱਜ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾ ਕੇ ‘ਆਪ’ ਪਰਿਵਾਰ ਵਿੱਚ ਜੀ ਆਇਆਂ ਨੂੰ ਕਿਹਾ
‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਿਆ ਫੈਸਲਾ
ਅਨਿਲ ਕੁਮਾਰ ਸੇਠੀ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸੂਬਾ ਸਰਕਾਰ ਵੱਲੋਂ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਇਸੇ ਕਾਰਨ ਉਨ੍ਹਾਂ ਨੇ ਭਾਜਪਾ ਦਾ ਪੱਲਾ ਛੱਡ ਕੇ ‘ਆਪ’ ਨਾਲ ਚੱਲਣ ਦਾ ਫੈਸਲਾ ਕੀਤਾ ਹੈ
CM ਭਗਵੰਤ ਮਾਨ ਨੇ ਕੀਤਾ ਨਿੱਘਾ ਸਵਾਗਤ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਿਲ ਸੇਠੀ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸੂਬੇ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਹਰ ਸੂਝਵਾਨ ਆਗੂ ਦਾ ‘ਆਪ’ ਵਿੱਚ ਮਾਣ-ਸਤਿਕਾਰ ਹੈ।
“ਆਮ ਆਦਮੀ ਪਾਰਟੀ ਦੇ ਵਧਦੇ ਪਰਿਵਾਰ ਵਿੱਚ ਅਨਿਲ ਕੁਮਾਰ ਸੇਠੀ ਜੀ ਦਾ ਸਵਾਗਤ ਹੈ। ਉਨ੍ਹਾਂ ਦੇ ਆਉਣ ਨਾਲ ਫਾਜ਼ਿਲਕਾ ਖੇਤਰ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ।” — ਭਗਵੰਤ ਮਾਨ, ਮੁੱਖ ਮੰਤਰੀ
ਫਾਜ਼ਿਲਕਾ ਦੀ ਸਿਆਸਤ ‘ਤੇ ਪਵੇਗਾ ਅਸਰ
ਸਿਆਸੀ ਮਾਹਿਰਾਂ ਮੁਤਾਬਕ, ਅਨਿਲ ਕੁਮਾਰ ਸੇਠੀ ਦਾ ਭਾਜਪਾ ਛੱਡਣਾ ਫਾਜ਼ਿਲਕਾ ਵਿੱਚ ਭਾਜਪਾ ਲਈ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ। ਅਨਿਲ ਸੇਠੀ ਦੀ ਇਲਾਕੇ ਵਿੱਚ ਚੰਗੀ ਪੈਠ ਮੰਨੀ ਜਾਂਦੀ ਹੈ, ਜਿਸ ਦਾ ਫਾਇਦਾ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਣ ਦੀ ਉਮੀਦ ਹੈ
