ਆਈਸਲੈਂਡ : ਦੁਨੀਆ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਅਤੇ ਆਪਣੀ ਕਾਲੀ ਰੇਤ ਲਈ ਮਸ਼ਹੂਰ ਆਈਸਲੈਂਡ ਦਾ ਰੇਨਿਸਫਿਆਰਾ (Reynisfjara) ਬੀਚ ਅੱਜਕੱਲ੍ਹ ਪਛਾਣਿਆ ਨਹੀਂ ਜਾ ਰਿਹਾ। ਸਰਦੀਆਂ ਦੇ ਭਿਆਨਕ ਤੂਫ਼ਾਨਾਂ ਅਤੇ ਸਮੁੰਦਰੀ ਕਟੌਤੀ (Erosion) ਕਾਰਨ ਇਸ ਖੂਬਸੂਰਤ ਤੱਟ ਦਾ ਨਕਸ਼ਾ ਪੂਰੀ ਤਰ੍ਹਾਂ ਬਦਲ ਗਿਆ ਹੈ। ਜਿੱਥੇ ਕਦੇ ਦੂਰ-ਦੂਰ ਤੱਕ ਕਾਲੀ ਜਵਾਲਾਮੁਖੀ ਰੇਤ ਦਿਖਾਈ ਦਿੰਦੀ ਸੀ, ਉੱਥੇ ਹੁਣ ਸਿਰਫ਼ ਵੱਡੇ ਪੱਥਰ ਅਤੇ ਚੱਟਾਨਾਂ ਹੀ ਰਹਿ ਗਈਆਂ ਹਨ
ਕਿਉਂ ਗਾਇਬ ਹੋਈ ਕਾਲੀ ਰੇਤ?
ਮਾਹਰਾਂ ਅਨੁਸਾਰ ਇਸ ਸਾਲ ਸਰਦੀਆਂ ਵਿੱਚ ਚੱਲੀਆਂ ਤੇਜ਼ ਪੂਰਬੀ ਹਵਾਵਾਂ ਨੇ ਸਾਰੀ ਖੇਡ ਵਿਗਾੜ ਦਿੱਤੀ ਹੈ। ਆਈਸਲੈਂਡਿਕ ਰੋਡ ਐਡਮਿਨਿਸਟ੍ਰੇਸ਼ਨ ਦੇ ਕੋਸਟਲ ਇੰਜੀਨੀਅਰ ਸਿਗੁਰਦੁਰ ਸਿਗੁਰਦਰਸਨ ਨੇ ਦੱਸਿਆ ਕਿ:
ਆਮ ਤੌਰ ‘ਤੇ ਹਵਾਵਾਂ ਦੱਖਣ-ਪੱਛਮ ਤੋਂ ਚੱਲਦੀਆਂ ਹਨ ਜੋ ਰੇਤ ਨੂੰ ਤੱਟ ਵੱਲ ਲਿਆਉਂਦੀਆਂ ਹਨ।
ਪਰ ਇਸ ਵਾਰ ਲਗਾਤਾਰ ਪੂਰਬੀ ਹਵਾਵਾਂ ਅਤੇ ਉੱਚੀਆਂ ਲਹਿਰਾਂ ਕਾਰਨ ਰੇਤ ਪੱਛਮ ਵੱਲ ਵਹਿ ਗਈ ਹੈ।
ਰੇਨਿਸਫਿਆਲ ਪਹਾੜ ਇੱਕ ਕੁਦਰਤੀ ਰੁਕਾਵਟ ਵਾਂਗ ਕੰਮ ਕਰਦਾ ਹੈ, ਜਿਸ ਕਾਰਨ ਨਵੀਂ ਰੇਤ ਬੀਚ ਤੱਕ ਨਹੀਂ ਪਹੁੰਚ ਸਕੀ ਅਤੇ ਪੁਰਾਣੀ ਰੇਤ ਸਮੁੰਦਰ ਵਿੱਚ ਸਮਾ ਗਈ।
ਸੈਲਾਨੀਆਂ ਲਈ ਖਤਰੇ ਦੀ ਘੰਟੀ
ਇਸ ਭਿਆਨਕ ਕਟੌਤੀ ਕਾਰਨ ਬੀਚ ਦੇ ਕਈ ਹਿੱਸੇ ਹੁਣ ਸੈਲਾਨੀਆਂ ਲਈ ਸੁਰੱਖਿਅਤ ਨਹੀਂ ਰਹੇ। ਤੱਟ ਦੇ ਨੇੜੇ ਹੋਏ ਭਾਰੀ ਲੈਂਡਸਲਾਈਡ (ਜ਼ਮੀਨ ਖਿਸਕਣ) ਕਾਰਨ ਕਈ ਮਸ਼ਹੂਰ ਗੁਫਾਵਾਂ ਅਤੇ ਰਸਤੇ ਬੰਦ ਕਰ ਦਿੱਤੇ ਗਏ ਹਨ
ਖਤਰਨਾਕ ਲਹਿਰਾਂ: ਇਹ ਬੀਚ ਪਹਿਲਾਂ ਹੀ ਆਪਣੀਆਂ ‘ਸਨੀਕਰ ਵੇਵਜ਼’ (ਅਚਾਨਕ ਆਉਣ ਵਾਲੀਆਂ ਉੱਚੀਆਂ ਲਹਿਰਾਂ) ਲਈ ਬਦਨਾਮ ਹੈ, ਪਰ ਹੁਣ ਰੇਤ ਘਟਣ ਕਾਰਨ ਲਹਿਰਾਂ ਸਿੱਧੀਆਂ ਅੰਦਰੂਨੀ ਹਿੱਸਿਆਂ ਤੱਕ ਮਾਰ ਕਰ ਰਹੀਆਂ ਹਨ।
ਪੱਥਰਾਂ ਦਾ ਜਮਾਵੜਾ: 2025 ਦੇ ਅੰਤ ਤੱਕ ਜੋ ਬੀਚ ਪੱਧਰਾ ਅਤੇ ਰੇਤਲਾ ਸੀ, ਉੱਥੇ ਹੁਣ ਵੱਡੀਆਂ ਚੱਟਾਨਾਂ ਅਤੇ ਪੱਥਰ ਖਿੰਡੇ ਹੋਏ ਹਨ
ਕੀ ਦੁਬਾਰਾ ਵਾਪਸ ਆਵੇਗੀ ਰੇਤ?
ਸਥਾਨਕ ਗਾਈਡਾਂ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਕੁਦਰਤੀ ਹੈ। ਜੇਕਰ ਆਉਣ ਵਾਲੇ ਸਮੇਂ ਵਿੱਚ ਹਵਾਵਾਂ ਦੀ ਦਿਸ਼ਾ ਬਦਲਦੀ ਹੈ ਅਤੇ ਸਮੁੰਦਰੀ ਕਰੰਟ ਦੁਬਾਰਾ ਰੇਤ ਨੂੰ ਤੱਟ ਵੱਲ ਧੱਕਦੇ ਹਨ, ਤਾਂ ਸ਼ਾਇਦ ਇਹ ਬੀਚ ਆਪਣੀ ਪੁਰਾਣੀ ਸ਼ਾਨ ਵਾਪਸ ਪਾ ਸਕੇ।
ਪਰ ਫਿਲਹਾਲ, ਜੇਕਰ ਤੁਸੀਂ ਆਈਸਲੈਂਡ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣ ਲਵੋ ਕਿ ਰੇਨਿਸਫਿਆਰਾ ਦਾ ਉਹ ਫੋਟੋਆਂ ਵਾਲਾ ਨਜ਼ਾਰਾ ਸ਼ਾਇਦ ਤੁਹਾਨੂੰ ਦੇਖਣ ਨੂੰ ਨਾ ਮਿਲੇ। ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸੈਲਾਨੀਆਂ ਨੂੰ ਚੱਟਾਨਾਂ ਅਤੇ ਪਹਾੜੀ ਹਿੱਸਿਆਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ

