Blackout in Delhi: ਦਿੱਲੀ ਵਾਲਿਓ ਤਿਆਰ ਹੋ ਜਾਓ! ਕੱਲ੍ਹ ਰਾਤ ਲੱਗੇਗਾ Blackout

ਦਿੱਲੀ: ਦੁਨੀਆ ਭਰ ਵਿੱਚ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ, ਭਲਕੇ ਯਾਨੀ ਸ਼ਨੀਵਾਰ ਨੂੰ ‘ਅਰਥ ਆਵਰ’ (Earth Hour) ਮਨਾਇਆ ਜਾ ਰਿਹਾ ਹੈ। ਇਸ ਮੌਕੇ ਦਿੱਲੀ ਦੀਆਂ ਮੁੱਖ ਬਿਜਲੀ ਕੰਪਨੀਆਂ—ਟਾਟਾ ਪਾਵਰ ਡੀਡੀਐਲ, ਬੀਐਸਈਐਸ ਰਾਜਧਾਨੀ ਅਤੇ ਬੀਐਸਈਐਸ ਯਮੁਨਾ—ਨੇ ਸ਼ਹਿਰ ਦੇ ਲਗਭਗ ਢਾਈ ਕਰੋੜ ਲੋਕਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਨੀਵਾਰ ਰਾਤ 8:30 ਵਜੇ ਤੋਂ 9:30 ਵਜੇ ਤੱਕ ਆਪਣੇ ਘਰਾਂ ਅਤੇ ਦਫ਼ਤਰਾਂ ਦੀਆਂ ਗੈਰ-ਜ਼ਰੂਰੀ ਲਾਈਟਾਂ ਅਤੇ ਬਿਜਲੀ ਦੇ ਉਪਕਰਣ ਬੰਦ ਰੱਖਣ।

ਇਸ ਵਾਰ WWF-ਇੰਡੀਆ ਦੀ ਇਸ ਮੁਹਿੰਮ ਦਾ ਵਿਸ਼ਾ ਧਰਤੀ ਲਈ ਇੱਕ ਘੰਟਾ ਦਿਓ’ ਰੱਖਿਆ ਗਿਆ ਹੈ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਜੇਕਰ ਅਸੀਂ ਸਾਰੇ ਮਿਲ ਕੇ ਛੋਟੇ-ਛੋਟੇ ਕਦਮ ਚੁੱਕੀਏ, ਤਾਂ ਵਾਤਾਵਰਨ ਨੂੰ ਬਚਾਉਣ ਲਈ ਵੱਡੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਬਿਜਲੀ ਕੰਪਨੀਆਂ ਅਨੁਸਾਰ, ਇਹ ਕੋਸ਼ਿਸ਼ ਇੱਕ ਹਰੇ-ਭਰੇ ਅਤੇ ਸੁਰੱਖਿਅਤ ਭਵਿੱਖ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ।

ਦਿੱਲੀ ਵਾਸੀਆਂ ਦਾ ਸ਼ਾਨਦਾਰ ਯੋਗਦਾਨ ਦਿੱਲੀ ਦੇ ਲੋਕ ਪਹਿਲਾਂ ਵੀ ਵਾਤਾਵਰਨ ਦੀ ਸੰਭਾਲ ਵਿੱਚ ਮੋਹਰੀ ਰਹੇ ਹਨ। ਪਿਛਲੇ ਸਾਲ ਅਰਥ ਆਵਰ ਦੌਰਾਨ ਦਿੱਲੀ ਵਾਸੀਆਂ ਨੇ ਸਿਰਫ਼ ਇੱਕ ਘੰਟੇ ਵਿੱਚ 260 ਮੈਗਾਵਾਟ ਤੋਂ ਵੱਧ ਬਿਜਲੀ ਦੀ ਬਚਤ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਸੀ। ਇਸ ਸਾਲ ਵੀ ਮੁਹਿੰਮ ਨੂੰ ਸਫਲ ਬਣਾਉਣ ਲਈ ਬੀਐਸਈਐਸ (BSES) ਵੱਲੋਂ ਆਪਣੇ ਲੱਖਾਂ ਗਾਹਕਾਂ ਨੂੰ ਮੈਸੇਜ, ਈਮੇਲ ਅਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨੇਕ ਕੰਮ ਦਾ ਹਿੱਸਾ ਬਣ ਸਕਣ।