ਰਾਜਸਥਾਨ ਦੇ ਜੈਪੁਰ ਦੇ ਝੋਟਵਾੜਾ ਥਾਣਾ ਖੇਤਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਭੋਮੀਆ ਨਗਰ ਨਿਵਾਸੀ ਰਾਜਕੁਮਾਰ ਸਿੰਘ ਦੀ 40 ਸਾਲਾ ਪਤਨੀ ਕਿਰਨ ਕੰਵਰ ਰਸੋਈ ‘ਚ ਖਾਣਾ ਬਣਾ ਰਹੀ ਸੀ ਤਾਂ ਉਸੇ ਸਮੇਂ ਅਚਾਨਕ ਗੈਸ ‘ਤੇ ਰੱਖੇ ਪ੍ਰੈਸ਼ਰ ਕੁੱਕਰ ‘ਚ ਜ਼ੋਰਦਾਰ ਧਮਾਕਾ ਹੋ ਗਿਆ।
ਧਮਾਕੇ ਕਾਰਨ ਕੁੱਕਰ ਦੇ ਟੁਕੜੇ-ਟੁਕੜੇ ਹੋ ਗਏ। ਪ੍ਰੈਸ਼ਰ ਕੁੱਕਰ ਦੇ ਟੁਕੜੇ ਮਹਿਲਾ ਦੇ ਸਿਰ ਅੰਦਰ ਧਸ ਗਏ। ਪ੍ਰੈਸ਼ਰ ਕੁੱਕਰ ਵਿੱਚ ਹੋਏ ਇਸ ਧਮਾਕੇ ਦੀ ਆਵਾਜ਼ ਆਸ-ਪਾਸ ਦੇ ਘਰਾਂ ਤੱਕ ਵੀ ਸੁਣਾਈ ਦਿੱਤੀ। ਇਹ ਸੁਣ ਕੇ ਲੋਕ ਘਰਾਂ ਤੋਂ ਬਾਹਰ ਆ ਗਏ। ਹਾਦਸੇ ਵਿੱਚ ਕਿਰਨ ਕੰਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
