ਚੰਡੀਗੜ੍ਹ: ਸ਼ਿਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਰਾਸ਼ਟਰੀ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹ ਭਾਰਤ ਪਰਤ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਟੋਰਾਂਟੋ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ‘ਪੁਲਿਸ ਕਲੀਅਰੈਂਸ’ ਨਾ ਹੋਣ ਕਾਰਨ ਉਨ੍ਹਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ
ਬੰਟੀ ਰੋਮਾਣਾ ਅਕਾਲੀ ਦਲ ਦੇ ਐਨ.ਆਰ.ਆਈ. (NRI) ਆਊਟਰੀਚ ਪ੍ਰੋਗਰਾਮ ਤਹਿਤ ਕੈਨੇਡਾ ਦੇ 10 ਤੋਂ 12 ਦਿਨਾਂ ਦੇ ਦੌਰੇ ‘ਤੇ ਗਏ ਹੋਏ ਸਨ
ਪੁਲਿਸ ਕੇਸ ਬਣੇ ਰੁਕਾਵਟ?
ਸੂਤਰਾਂ ਮੁਤਾਬਕ, ਬੰਟੀ ਰੋਮਾਣਾ ਦੇ ਖ਼ਿਲਾਫ਼ ਸਾਲ 2012 ਤੋਂ ਹੁਣ ਤੱਕ ਲਗਭਗ 5 ਪੁਲਿਸ ਮਾਮਲੇ ਦਰਜ ਹਨ, ਜੋ ਕਿ ਜ਼ਿਆਦਾਤਰ ਸਿਆਸੀ ਧਰਨਿਆਂ ਅਤੇ ਪ੍ਰਦਰਸ਼ਨਾਂ ਨਾਲ ਸਬੰਧਤ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਫ਼ਰੀਦਕੋਟ ਹਲਕੇ ਤੋਂ ਦਾਖਲ ਕੀਤੇ ਚੋਣ ਹਲਫ਼ਨਾਮੇ ਮੁਤਾਬਕ ਇਹ ਪੰਜੇ ਮਾਮਲੇ ਅਜੇ ਵੀ ਅਦਾਲਤਾਂ ਵਿੱਚ ਲੰਬਿਤ (Pending) ਹਨ। ਦੱਸਿਆ ਜਾ ਰਿਹਾ ਹੈ ਕਿ ਯਾਤਰਾ ਤੋਂ ਪਹਿਲਾਂ ਲੋੜੀਂਦੀ ਪੁਲਿਸ ਕਲੀਅਰੈਂਸ ਨਾ ਮਿਲਣ ਕਾਰਨ ਇਮੀਗ੍ਰੇਸ਼ਨ ਵਿਭਾਗ ਨੇ ਇਹ ਸਖ਼ਤ ਕਦਮ ਚੁੱਕਿਆ।
12 ਮੈਂਬਰੀ ਵਫ਼ਦ ‘ਚੋਂ ਸਿਰਫ਼ ਰੋਮਾਣਾ ਨੂੰ ਰੋਕਿਆ
ਬੰਟੀ ਰੋਮਾਣਾ ਅਕਾਲੀ ਦਲ ਦੇ 12 ਮੈਂਬਰੀ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰ ਰਹੇ ਸਨ, ਜਿਸ ਵਿੱਚ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਪਾਰਟੀ ਆਗੂ ਰਾਜੂ ਖੰਨਾ ਵਰਗੇ ਦਿੱਗਜ ਨੇਤਾ ਵੀ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਵਫ਼ਦ ਦੇ ਬਾਕੀ ਸਾਰੇ ਮੈਂਬਰਾਂ ਨੂੰ ਕੈਨੇਡਾ ਵਿੱਚ ਦਾਖਲੇ ਦੀ ਮਨਜ਼ੂਰੀ ਮਿਲ ਗਈ, ਪਰ ਸਿਰਫ਼ ਰੋਮਾਣਾ ਨੂੰ ਹੀ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ। ਦੱਸ ਦੇਈਏ ਕਿ ਰੋਮਾਣਾ ਇਸ ਤੋਂ ਪਹਿਲਾਂ ਵੀ ਕਈ ਵਾਰ ਕੈਨੇਡਾ ਜਾ ਚੁੱਕੇ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਇੰਝ ਵਾਪਸ ਭੇਜਿਆ ਗਿਆ ਹੈ
