ਦਿੱਲੀ ਵਿੱਚ ਸਾਹ ਲੈਣਾ ਹੋਇਆ ਮੁਸ਼ਕਲ, AQI 454 ਤੱਕ ਪਹੁੰਚਿਆ; ਆਉਣ ਵਾਲੇ ਦਿਨਾਂ ਵਿੱਚ ਪ੍ਰਦੂਸ਼ਣ ਹੋਰ ਵਧਣ ਦਾ ਖ਼ਦਸ਼ਾ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ ਪਹੁੰਚਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਵੀਰਵਾਰ ਸ਼ਾਮ 5 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦਿੱਲੀ ਦੇ 59 ਨਿਗਰਾਨੀ ਕੇਂਦਰਾਂ ਵਿੱਚੋਂ 20 ਥਾਵਾਂ ’ਤੇ ਏਅਰ ਕੁਆਲਿਟੀ ਇੰਡੈਕਸ (AQI) 400 ਤੋਂ ਉੱਪਰ ਦਰਜ ਕੀਤਾ ਗਿਆ।
ਸਭ ਤੋਂ ਮਾੜੀ ਸਥਿਤੀ ਜਹਾਂਗੀਰਪੁਰੀ ਦੀ ਰਹੀ, ਜਿੱਥੇ AQI ਦਾ ਪੱਧਰ 454 ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਪੰਜਾਬੀ ਬਾਗ ਵਿੱਚ 448, ਜਦਕਿ ਰੋਹਿਣੀ ਅਤੇ ਆਈਆਈਟੀ ਦਿੱਲੀ ਵਿੱਚ 442 AQI ਦਰਜ ਕੀਤਾ ਗਿਆ। ਇਹ ਅੰਕੜੇ ਰਾਜਧਾਨੀ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਦਰਸਾਉਂਦੇ ਹਨ।
35 ਇਲਾਕਿਆਂ ਵਿੱਚ ਵੀ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ
CPCB ਦੇ ਅੰਕੜਿਆਂ ਮੁਤਾਬਕ ਦਿੱਲੀ ਦੇ 35 ਨਿਗਰਾਨੀ ਕੇਂਦਰਾਂ ’ਤੇ AQI 301 ਤੋਂ 400 ਦੇ ਵਿਚਕਾਰ ਰਿਹਾ, ਜੋ ਕਿ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਚਾਰ ਕੇਂਦਰਾਂ ’ਤੇ AQI 201 ਤੋਂ 300 ਦੇ ਵਿਚਕਾਰ ਦਰਜ ਕੀਤਾ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ ਦੇ ਕਿਸੇ ਵੀ ਨਿਗਰਾਨੀ ਕੇਂਦਰ ’ਤੇ ਹਵਾ ਦੀ ਗੁਣਵੱਤਾ ਮੱਧਮ ਜਾਂ ਇਸ ਤੋਂ ਬਿਹਤਰ ਸ਼੍ਰੇਣੀ ਵਿੱਚ ਨਹੀਂ ਰਹੀ। ਸਭ ਤੋਂ ਘੱਟ AQI ਆਈਐਮਡੀ ਲੋਧੀ ਰੋਡ ’ਤੇ 277 ਦਰਜ ਕੀਤਾ ਗਿਆ। ਦਿੱਲੀ ਕੈਂਟ ਵਿੱਚ ਇਹ 281, ਟਿਕਰੀ ਕਲਾਂ ਵਿੱਚ 294 ਅਤੇ ਐਨਐਸਆਈਟੀ ਦਵਾਰਕਾ ਵਿੱਚ 297 ਰਿਹਾ।
PM 2.5 ਬਣਿਆ ਪ੍ਰਦੂਸ਼ਣ ਦਾ ਵੱਡਾ ਕਾਰਨ
ਕਈ ਇਲਾਕਿਆਂ ਵਿੱਚ PM 2.5 ਪ੍ਰਦੂਸ਼ਣ ਦਾ ਮੁੱਖ ਕਾਰਕ ਰਿਹਾ। ਜਹਾਂਗੀਰਪੁਰੀ ਅਤੇ ਪੰਜਾਬੀ ਬਾਗ ਵਿੱਚ ਵੀ PM 2.5 ਦਾ ਪੱਧਰ ਪ੍ਰਮੁੱਖ ਰਿਹਾ, ਜਦਕਿ ਆਈਆਈਟੀ ਦਿੱਲੀ ਅਤੇ ਦਿੱਲੀ ਕੈਂਟ ਸਮੇਤ ਕੁਝ ਥਾਵਾਂ ’ਤੇ PM 10 ਮੁੱਖ ਪ੍ਰਦੂਸ਼ਕ ਵਜੋਂ ਸਾਹਮਣੇ ਆਇਆ।
ਮਾਹਿਰਾਂ ਅਨੁਸਾਰ AQI 301 ਤੋਂ 400 ਦੇ ਵਿਚਕਾਰ ਹੋਣ ’ਤੇ ਲੰਬੇ ਸਮੇਂ ਤੱਕ ਅਜਿਹੀ ਹਵਾ ਵਿੱਚ ਸਾਹ ਲੈਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਉੱਥੇ ਹੀ AQI 401 ਤੋਂ 500 ਤੱਕ ਪਹੁੰਚਣ ’ਤੇ ਤੰਦਰੁਸਤ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਇਹ ਸਥਿਤੀ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਦੀਵਾਲੀ ਤੋਂ ਪਹਿਲਾਂ ਦਿੱਲੀ-NCR ਵਿੱਚ ਹੋਰ ਵਧ ਸਕਦੈ ਪ੍ਰਦੂਸ਼ਣ
ਦਿੱਲੀ-NCR ਵਿੱਚ ਆਉਣ ਵਾਲੇ ਦਿਨਾਂ ਦੌਰਾਨ ਪ੍ਰਦੂਸ਼ਣ ਦੀ ਸਮੱਸਿਆ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੌਸਮ ਦੀਆਂ ਪ੍ਰਤੀਕੂਲ ਸਥਿਤੀਆਂ ਕਾਰਨ ਹਵਾ ਵਿੱਚ ਮੌਜੂਦ ਪ੍ਰਦੂਸ਼ਕ ਕਣਾਂ ਦੇ ਖਿੰਡਣ ਦੀ ਰਫ਼ਤਾਰ ਘੱਟ ਹੋ ਸਕਦੀ ਹੈ।
ਭਾਰਤੀ ਮੌਸਮ ਵਿਗਿਆਨ ਸੰਸਥਾ (IITM) ਦੇ ਅਨੁਮਾਨ ਮੁਤਾਬਕ ਸ਼ੁੱਕਰਵਾਰ ਸ਼ਾਮ ਤੋਂ ਹਵਾਵਾਂ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ। ਇਸ ਕਾਰਨ ਪ੍ਰਦੂਸ਼ਣ ਦੇ ਕਣ ਵਾਤਾਵਰਣ ਵਿੱਚ ਲੰਬੇ ਸਮੇਂ ਤੱਕ ਬਣੇ ਰਹਿ ਸਕਦੇ ਹਨ। ਉੱਪਰੋਂ ਦੀਵਾਲੀ ਦੌਰਾਨ ਪਟਾਕਿਆਂ ਕਾਰਨ ਨਿਕਲਣ ਵਾਲਾ ਧੂੰਆਂ ਵੀ ਹਵਾ ਦੀ ਗੁਣਵੱਤਾ ਨੂੰ ਹੋਰ ਵਿਗਾੜ ਸਕਦਾ ਹੈ।
ਅਜਿਹੇ ਹਾਲਾਤਾਂ ਵਿੱਚ ਦਿੱਲੀ-NCR ਦੇ ਲੋਕਾਂ ਲਈ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹਵਾ ਵਿੱਚ ਸਾਹ ਲੈਣਾ ਵੱਡੀ ਚੁਣੌਤੀ ਬਣ ਸਕਦਾ ਹੈ
