
ਜਲੰਧਰ: ਅੱਜ ਦੇ ਸਮੇਂ ‘ਚ ਕੁੜੀਆਂ ਨੇ ਹਰ ਖੇਤਰ ਚ ਤਰੱਕੀ ਕੀਤੀ ਹੈ। ਕੁੜੀਆਂ ਹੁਣ ਸਿਰਫ ਘਰ ਦੇ ਕੰਮ ਹੀ ਨਹੀਂ ਬਲਕਿ ਬਾਹਰ ਜਾ ਕੇ ਦੇਸ਼ ਦਾ ਨਾਂ ਰੌਸ਼ਨ ਵੀ ਕਰਦਿਆਂ ਹਨ। ਇਸਦੇ ਨਾਲ ਨਾਲ ਹੀ ਅੱਜ ਵੀ ਕੁਝ ਲੋਕ ਸਮਾਜ ਦੀਆਂ ਕੁਰੀਤੀਆਂ ਤੋਂ ਦੂਰ ਨਹੀਂ ਹੋ ਪਾ ਰਹੇ ਹਨ। ਅਜਿਹਾ ਇੱਕ ਮਾਮਲਾ ਜਲੰਧਰ ਦੇ ਫਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਮੁੰਡੇ ਵਾਲੇ ਬਰਾਤ ਕੁੜੀ ਦੇ ਬੂਹੇ ਤੋਂ ਹੀ ਵਾਪਿਸ ਲੈ ਗਏ।
ਦੱਸ ਦਇਏ ਕਿ ਇਸ ਸਬੰਧੀ ਕੁੜੀ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਿਤ ਕਰਕੇ ਲੜਕੇ ਅਤੇ ਉਸਦੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡੀਐਸਪੀ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਹੈ। ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕੁੜੀ ਵਾਲਿਆਂ ਨੂੰ ਇਨਸਾਫ ਮਿਲੇਗਾ।
ਸੂਤਰਾਂ ਮੁਤਾਬਿਕ ਲੜਕੀ ਦੇ ਪਿਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ 4 ਧੀਆਂ ਦਾ ਪਿਤਾ ਹੈ ਅਤੇ ਮਿਹਨਤ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਬੀਤੇ ਦਿਨ ਉਸ ਦੀ ਕੁੜੀ ਦਾ ਵਿਆਹ ਸੀ। ਸ਼ਾਮ ਕਰੀਬ 5 ਵਜੇ ਬਰਾਤ ਆਈ ‘ਤੇ ਉਸ ਤੋਂ ਬਾਅਦ ਮੁੰਡੇ ਦੀ ਮਾਂ ਅਤੇ ਮਾਮਾ ਕੁੜੀ ਦੇ ਪਿਤਾ ਨੂੰ ਇਕ ਪਾਸੇ ਲੈ ਗਏ ਅਤੇ 5 ਸੋਨੇ ਦੀਆਂ ਮੁੰਦਰੀਆਂ ਦੇਣ ਜਾਂ ਨਕਦ ਦੇਣ ਦੀ ਮੰਗ ਕੀਤੀ। ਇਹ ਸੁਣਨ ਤੋਂ ਬਾਅਦ ਕੁੜੀ ਦੇ ਪਿਤਾ ਨੇ ਮੁੰਡੇ ਵਾਲਿਆਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਨੇ ਇਕ ਨਾ ਸੁਣੀ ਅਤੇ ਸਜਿਆ ਹੋਇਆ ਮੰਡਪ ਛੱਡ ਕੇ ਚਲੇ ਗਏ। ਮੁੰਡੇ ਨੇ ਵੀ ਇਸ ਗੱਲ ਦਾ ਵਿਰੋਧ ਨਹੀਂ ਕੀਤਾ।