ਕੈਨੇਡਾ ’ਚ ਬਿਸ਼ਨੋਈ ਗੈਂਗ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ, MP ਬ੍ਰੈਡ ਵਿਸ ਨੇ ਕੀਤੀ ਡਿਪੋਰਟ ਕਰਨ ਦੀ ਅਪੀਲ

ਕੈਨੇਡਾ ਦੇ ਸੰਸਦ ਮੈਂਬਰ ਬ੍ਰੈਡ ਵਿਸ ਨੇ ਬਿਸ਼ਨੋਈ ਗੈਂਗ ਨੂੰ ਲੈ ਕੇ ਲਿਬਰਲ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। X ’ਤੇ ਇੱਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਬਿਸ਼ਨੋਈ ਗੈਂਗ ਵੱਲੋਂ ਕਈ ਸਾਲਾਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਕਥਿਤ ਤੌਰ ’ਤੇ ਦੁਰਪਯੋਗ ਕੀਤਾ ਜਾ ਰਿਹਾ ਹੈ ਅਤੇ ਬੇਕਸੂਰ ਕਾਰੋਬਾਰੀਆਂ ਤੋਂ ਵਸੂਲੀ ਦੇ ਨਾਲ-ਨਾਲ ਕੈਨੇਡਾ ਵਿੱਚ ਅੱਤਵਾਦੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਬ੍ਰੈਡ ਵਿਸ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੀ ਅਗਵਾਈ ਵਿੱਚ ਸਰਕਾਰ ’ਤੇ ਦਬਾਅ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਗਿਆ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਹੁਣ ਵੀ ਬਿਸ਼ਨੋਈ ਗੈਂਗ ਵੱਲੋਂ ਪੁਲਿਸ ਅਧਿਕਾਰੀਆਂ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। MP ਨੇ ਕਿਹਾ ਕਿ ਹੁਣ ਸਿਰਫ਼ ਬਿਆਨਾਂ ਦੀ ਬਜਾਏ ਕਾਨੂੰਨ ਲਾਗੂ ਕਰਨ ਦਾ ਸਮਾਂ ਹੈ।

ਬ੍ਰੈਡ ਵਿਸ ਨੇ ਲਿਬਰਲ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਬਿਸ਼ਨੋਈ ਗੈਂਗ ਨਾਲ ਸਬੰਧਤ ਕੋਈ ਵਿਅਕਤੀ ਵੀਜ਼ੇ ’ਤੇ ਕੈਨੇਡਾ ਵਿੱਚ ਮੌਜੂਦ ਹੈ ਅਤੇ ਕਾਨੂੰਨੀ ਤੌਰ ’ਤੇ ਡਿਪੋਰਟੇਸ਼ਨ ਦੇ ਯੋਗ ਹੈ, ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ RCMP ਅਤੇ Canada Border Services Agency (CBSA) ਨੂੰ ਫੈਡਰਲ ਸਰਕਾਰ ਨਾਲ ਮਿਲ ਕੇ ਅਜਿਹੇ ਕਥਿਤ ਅਪਰਾਧੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਕੈਨੇਡਾ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।

MP ਬ੍ਰੈਡ ਵਿਸ ਨੇ ਇਸ ਮੁੱਦੇ ਨੂੰ ਪਾਰਟੀਬਾਜ਼ੀ ਤੋਂ ਉੱਪਰ ਦੱਸਦਿਆਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰ ਇਸ ਮਾਮਲੇ ’ਤੇ ਸਹਿਮਤ ਹਨ। ਉਨ੍ਹਾਂ ਮੁਤਾਬਕ ਇਹ ਮਾਮਲਾ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ