ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ) ‘ਚ ਫ਼ਰਜ਼ੀ ਅਫ਼ਵਾਹ ਨੂੰ ਲੈ ਕੇ ਹੰਗਾਮਾ: ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਪੁਲਿਸ ਵਾਹਨਾਂ ਦੀ ਭੰਨਤੋੜ

ਪਟਿਆਲਾ/ਰਾਜਪੁਰਾ: ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ। ਇਸ ਵੀਡੀਓ ਵਿੱਚ ਗਰਲਜ਼ ਹੋਸਟਲ ਅੰਦਰ ਦੋ ਵਿਦਿਆਰਥਣਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਅੱਧੀ ਰਾਤ ਨੂੰ ਕੈਂਪਸ ਵਿੱਚ ਇਕੱਠੇ ਹੋ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਵਾਇਰਲ ਵੀਡੀਓ ਵਿੱਚ ਕੁੜੀਆਂ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਵਿਦਿਆਰਥੀਆਂ ਵਿੱਚ ਭਾਰੀ ਚਿੰਤਾ ਅਤੇ ਰੋਸ ਫੈਲ ਗਿਆ। ਸੱਚਾਈ ਸਾਹਮਣੇ ਲਿਆਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ਧਰਨਾ ਦਿੱਤਾ। ਇਸ ਦੌਰਾਨ ਕੁਝ ਪੁਲਿਸ ਗੱਡੀਆਂ ਦੀ ਭੰਨਤੋੜ ਕੀਤੇ ਜਾਣ ਦੀ ਸੂਚਨਾ ਵੀ ਸਾਹਮਣੇ ਆਈ ਹੈ। ਚਿਤਕਾਰਾ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਵਿਦਿਆਰਥਣਾਂ ਦੀ ਮੌਤ ਦੀ ਘਟਨਾ ਨੂੰ ਸਿਰਫ਼ ਇੱਕ ਅਫ਼ਵਾਹ ਕਰਾਰ ਦਿੰਦਿਆਂ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਘਟਨਾ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਰਿਹਾ।

ਪ੍ਰਸ਼ਾਸਨ ਵੱਲੋਂ ਵਾਇਰਲ ਵੀਡੀਓ ਦੇ ਸਰੋਤ ਅਤੇ ਇਸ ਅਫ਼ਵਾਹ ਪਿੱਛੇ ਦੀ ਅਸਲ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮੌਤਾਂ ਦੀ ਖ਼ਬਰ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।