ਕੈਨੇਡਾ ਚ’ ਪੁੱਠੇ ਕੰਮ ਕਰਨ ਵਾਲੇ 22 ਸਾਲਾ ਪੰਜਾਬੀ ਨੌਜਵਾਨ ਨੂੰ ਕੀਤਾ ਭਾਰਤ ਡਿਪੋਰਟ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਜਬਰਨ ਵਸੂਲੀ ਦੇ ਮਾਮਲਿਆਂ ਵਿਰੁੱਧ ਕੈਨੇਡੀਅਨ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਜਾਂਚ ਏਜੰਸੀਆਂ ਨੇ ਇੱਕ 22 ਸਾਲਾ ਪੰਜਾਬੀ ਨੌਜਵਾਨ ਨੂੰ ਗੈਂਗਸਟਰ ਨੈੱਟਵਰਕ ਅਤੇ ਜਬਰਨ ਵਸੂਲੀ ਦੇ ਦੋਸ਼ਾਂ ਤਹਿਤ ਦੇਸ਼ ਨਿਕਾਲਾ (Deport) ਦੇ ਕੇ ਵਾਪਸ ਭਾਰਤ ਭੇਜ ਦਿੱਤਾ ਹੈ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੀ ਵੱਡੀ ਕਾਰਵਾਈ
ਮਿਲੀ ਜਾਣਕਾਰੀ ਅਨੁਸਾਰ, ਕੈਨੇਡੀਅਨ ਪੁਲਿਸ ਨੇ ਇਸ ਨੌਜਵਾਨ ਦੀ ਪਛਾਣ ਜਬਰਨ ਵਸੂਲੀ ਦੇ ਕਈ ਮਾਮਲਿਆਂ ਵਿੱਚ ਇੱਕ ਮੁੱਖ ਸ਼ੱਕੀ ਵਜੋਂ ਕੀਤੀ ਸੀ। ਪੁਲਿਸ ਵੱਲੋਂ ਮਾਮਲਾ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਜਾਣ ਤੋਂ ਬਾਅਦ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਡਿਪੋਰਟ ਕਰ ਦਿੱਤਾ। ਪੁਲਿਸ ਨੇ ਹੁਣ ਇਸ ਨੌਜਵਾਨ ਦੀ ਤਸਵੀਰ ਜਨਤਕ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ

ਤਸਵੀਰ ਜਾਰੀ ਕਰਨ ਦਾ ਮੁੱਖ ਮਕਸਦ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ੋਟੋ ਜਾਰੀ ਕਰਨ ਦੇ ਦੋ ਮੁੱਖ ਕਾਰਨ ਹਨ:

ਜੇਕਰ ਕਿਸੇ ਹੋਰ ਵਿਅਕਤੀ ਨੂੰ ਇਸ ਨੌਜਵਾਨ ਨੇ ਡਰਾਇਆ-ਧਮਕਾਇਆ ਸੀ, ਤਾਂ ਉਹ ਸਾਹਮਣੇ ਆ ਸਕਣ। ਇਸ ਨੈੱਟਵਰਕ ਵਿੱਚ ਸ਼ਾਮਲ ਹੋਰਾਂ ਲੋਕਾਂ ਅਤੇ ਉਨ੍ਹਾਂ ਦੇ ਮਕਸਦਾਂ ਦੀ ਡੂੰਘਾਈ ਨਾਲ ਪਛਾਣ ਕੀਤੀ ਜਾ ਸਕੇ।

ਗੈਂਗਸਟਰਾਂ ਦਾ ਵੱਧਦਾ ਜਾਲ ਅਤੇ ਨੌਜਵਾਨਾਂ ਦਾ ਲਾਲਚ
ਮਾਹਿਰਾਂ ਅਤੇ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਬੈਠੇ ਗੈਂਗਸਟਰ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਉਨ੍ਹਾਂ ਦੇ ਸੰਚਾਲਕ ਸੋਸ਼ਲ ਮੀਡੀਆ ਰਾਹੀਂ ਤਾਲਮੇਲ ਕਰ ਰਹੇ ਹਨ।

ਵਿਦੇਸ਼ਾਂ ਵਿੱਚ ਰਹਿ ਰਹੇ ਕਈ ਨੌਜਵਾਨਾਂ ਨੂੰ ਲਾਲਚ ਜਾਂ ਡਰ ਦਿਖਾ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਕੈਨੇਡਾ ਵਿੱਚ ਪਿਛਲੇ ਕੁਝ ਸਮੇਂ ਤੋਂ ਭਾਰਤੀ ਮੂਲ ਦੇ ਨੌਜਵਾਨਾਂ ਦੀ ਸੰਗਠਿਤ ਅਪਰਾਧ ਵਿੱਚ ਸ਼ਮੂਲੀਅਤ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ

ਪੁਲਿਸ ਦੀ ਜਨਤਾ ਨੂੰ ਅਪੀਲ
ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਦੋਸ਼ੀ ਜਾਂ ਉਸਦੇ ਸੰਪਰਕਾਂ ਬਾਰੇ ਕੋਈ ਵੀ ਜਾਣਕਾਰੀ ਹੈ, ਤਾਂ ਉਹ ਤੁਰੰਤ ਅਧਿਕਾਰੀਆਂ ਨਾਲ ਸਾਂਝੀ ਕਰੇ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

ਕੈਨੇਡਾ ਵਿੱਚ ਸਖ਼ਤ ਹੋ ਰਹੇ ਇਮੀਗ੍ਰੇਸ਼ਨ ਅਤੇ ਸੁਰੱਖਿਆ ਨਿਯਮਾਂ ਦੇ ਮੱਦੇਨਜ਼ਰ, ਅਜਿਹੀਆਂ ਕਾਰਵਾਈਆਂ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ