ਮੋਗਾ ‘ਚ CM ਮਾਨ ਦੀ ‘ਲੋਕ ਮਿਲਣੀ’: ਸਾਢੇ ਚਾਰ ਸਾਲਾਂ ਦੇ ਕੰਮ ਗਿਣਾਉਂਦਿਆਂ ਵਿਰੋਧੀਆਂ ‘ਤੇ ਤਿੱਖੇ ਨਿਸ਼ਾਨੇ

ਮੋਗਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਵਿਖੇ ਇੱਕ ਪ੍ਰਭਾਵਸ਼ਾਲੀ ‘ਲੋਕ ਮਿਲਣੀ’ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਵਿਰੋਧੀ ਧਿਰਾਂ ਉੱਤੇ ਤਿੱਖੇ ਹਮਲੇ ਕੀਤੇ

ਕਿਸਾਨਾਂ ਲਈ ਦਿਨ ਵੇਲੇ ਨਹਿਰੀ ਪਾਣੀ:
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਕਿਸਾਨਾਂ ਨੂੰ ਰਾਤ ਨੂੰ ਖੇਤਾਂ ਵਿੱਚ ਪਾਣੀ ਲਾਉਣਾ ਪੈਂਦਾ ਸੀ, ਜਿਸ ਨਾਲ ਸੱਪ ਲੜਨ ਅਤੇ ਖਰਾਬ ਮੌਸਮ ਦਾ ਡਰ ਬਣਿਆ ਰਹਿੰਦਾ ਸੀ। ਮਾਨ ਸਰਕਾਰ ਨੇ ਸਿੰਚਾਈ ਦੇ ਸਮਾਂ-ਸਾਰਣੀ ਵਿੱਚ ਸੁਧਾਰ ਕਰਕੇ ਹੁਣ ਕਿਸਾਨਾਂ ਨੂੰ ਦਿਨ ਵੇਲੇ (ਆਮ ਤੌਰ ‘ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ) ਨਹਿਰੀ ਪਾਣੀ ਦੇਣਾ ਯਕੀਨੀ ਬਣਾਇਆ ਹੈ।

ਪਾਰਦਰਸ਼ੀ ਅਤੇ ਮੈਰਿਟ ਆਧਾਰਿਤ ਭਰਤੀ:
ਸਰਕਾਰੀ ਨੌਕਰੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਨੌਕਰੀਆਂ ਸਿਰਫ਼ ਅਤੇ ਸਿਰਫ਼ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ। ਸਿਫ਼ਾਰਸ਼ਾਂ ਅਤੇ ਰਿਸ਼ਵਤਖ਼ਰੋਸ਼ ਕਲਚਰ ਨੂੰ ਪੂਰੀ ਤਰ੍ਹਾਂ ਨੱਥ ਪਾਈ ਗਈ ਹੈ। ਉਨ੍ਹਾਂ ਇੱਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਲਈ ਵਿਧਾਇਕ ਵੱਲੋਂ ਕੀਤੀ ਗਈ ਸਿਫ਼ਾਰਸ਼ ਨੂੰ ਰੱਦ ਕਰ ਦਿੱਤਾ ਸੀ।

ਵਿਰੋਧੀਆਂ ‘ਤੇ ਤਿੱਖੇ ਨਿਸ਼ਾਨੇ:
ਮੁੱਖ ਮੰਤਰੀ ਨੇ ਵਿਰੋਧੀ ਆਗੂਆਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦਾ ਨਾਮ ਲੈਂਦਿਆਂ ਪਿਛਲੀਆਂ ਸਰਕਾਰਾਂ ਦੌਰਾਨ ਭ੍ਰਿਸ਼ਟਾਚਾਰ ਅਤੇ ਪੈਸੇ ਲੈ ਕੇ ਕੰਮ ਕਰਨ ਦੇ ਦੋਸ਼ ਲਾਏ

“ਸਾਡੀ ਸਰਕਾਰ ਪਾਰਦਰਸ਼ੀ ਸ਼ਾਸਨ, ਕਿਸਾਨਾਂ ਦੀ ਭਲਾਈ ਅਤੇ ਸਾਫ਼-ਸੁਥਰੀ ਭਰਤੀ ਪ੍ਰਣਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।” — ਮੁੱਖ ਮੰਤਰੀ ਭਗਵੰਤ ਮਾਨ

CM ਭਗਵੰਤ ਮਾਨ ਨੇ ਟਵੀਟਰ ਤੇ’ ਪੋਸਟ ਕਰ ਲਿਖਿਆ :

ਅੱਜ ਇਤਿਹਾਸਕ ਪਿੰਡ ਚੜਿੱਕ ਵਿਖੇ ‘ਲੋਕ ਮਿਲਣੀ’ ਦੌਰਾਨ ਮਿਲੇ ਅਥਾਹ ਪਿਆਰ ਅਤੇ ਵਿਸ਼ਾਲ ਇਕੱਠ ਲਈ ਤਹਿ ਦਿਲੋਂ ਧੰਨਵਾਦ… ਪਿੰਡ ਦੇ ਵਿਕਾਸ ਲਈ 51 ਲੱਖ ਰੁਪਏ ਦੀ ਗ੍ਰਾਂਟ ਸੌਂਪੀ.. ਸਿਹਤ ਸਹੂਲਤਾਂ ਹੋਰ ਮਜ਼ਬੂਤ ਕਰਦਿਆਂ ਅੱਜ 100 ਨਵੇਂ ‘ਆਮ ਆਦਮੀ ਕਲੀਨਿਕ’ ਲੋਕ ਅਰਪਣ ਕੀਤੇ (ਹੁਣ ਕੁੱਲ ਗਿਣਤੀ 1090).. 88% ਖੇਤਾਂ ਤੱਕ ਨਹਿਰੀ ਪਾਣੀ, 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ ਅਤੇ ਨੌਜਵਾਨਾਂ ਨੂੰ ਮੈਰਿਟ ‘ਤੇ ਨੌਕਰੀਆਂ ਦੇਣਾ ਸਾਡੀ ਪਹਿਲ ਹੈ.. ਹਰ ਵਰਗ ਦੀ ਭਲਾਈ ਅਤੇ ‘ਰੰਗਲਾ ਪੰਜਾਬ’ ਸਿਰਜਣ ਲਈ ਅਸੀਂ ਵਚਨਬੱਧ ਹਾਂ…
ਇਨਕਲਾਬ ਜ਼ਿੰਦਾਬਾਦ..