ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ: ਪੰਜਾਬ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਕੋਈ ਪੇਪਰ ਲੀਕ

ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ ਹੋਣ ਦੇ ਗੰਭੀਰ ਮੁੱਦੇ ਉੱਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪੇਪਰ ਲੀਕ ਹੁੰਦਾ ਹੈ, ਤਾਂ ਇਸ ਨਾਲ ਸਿਰਫ਼ ਬੱਚੇ ਦਾ ਹੀ ਨਹੀਂ ਸਗੋਂ ਉਸ ਦੇ ਮਾਪਿਆਂ ਦਾ ਵੀ ਸੁਪਨਾ ਟੁੱਟ ਜਾਂਦਾ ਹੈ, ਜੋ ਦਿਨ-ਰਾਤ ਮਿਹਨਤ ਕਰਦੇ ਹਨ।

ਪੇਪਰ ਲੀਕ ਦੇ ਅੰਕੜੇ ਅਤੇ ਭਾਜਪਾ ਸਰਕਾਰਾਂ ਉੱਤੇ ਸਵਾਲ

ਮੁੱਖ ਮੰਤਰੀ ਨੇ ਦੇਸ਼ ਭਰ ਵਿੱਚ ਪੇਪਰ ਲੀਕ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਦੇਸ਼ ਵਿੱਚ ਕੁੱਲ 65 ਪੇਪਰ ਲੀਕ ਹੋ ਚੁੱਕੇ ਹਨ। 2014 ਤੋਂ ਹੁਣ ਤੱਕ  ਕੁੱਲ 93 ਪੇਪਰ ਲੀਕ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਜਿਹੜੇ 5 ਰਾਜਾਂ ਵਿੱਚ ਪੇਪਰ ਲੀਕ ਦੀ ਸਮੱਸਿਆ ਸਭ ਤੋਂ ਵੱਧ (ਟੌਪ ਉੱਤੇ) ਹੈ, ਉੱਥੇ ਭਾਜਪਾ ਦੀ ਸਰਕਾਰ ਹੈ।

ਸੀਐੱਮ ਮਾਨ ਨੇ ਕਿਹਾ ਕਿ ਪੇਪਰ ਲੀਕ ਹੋਣ ਕਾਰਨ ਅੱਜ ਦੀ ਪੀੜ੍ਹੀ (Gen Z) ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਆਪਣੇ ਹੱਕ ਮੰਗ ਰਹੇ ਬੱਚਿਆਂ ਉੱਤੇ ਪਹਿਲਾਂ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਉੱਤੇ ਪੈਲੇਟ ਗਨ (ਪਲਾਸਤਕ ਦੀਆਂ ਗੋਲੀਆਂ) ਦੀ ਵਰਤੋਂ ਕੀਤੀ ਗਈ।

ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਕਾਰਨ ਸਾਡੀ ਸਿੱਖਿਆ ਨੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ ਅਤੇ ਵਿਦੇਸ਼ਾਂ ਵਿੱਚ ਸਾਡੀਆਂ ਡਿਗਰੀਆਂ ਦਾ ਮੁੱਲ ਘਟ ਰਿਹਾ ਹੈ।

ਨੀਟ (NEET) ਪ੍ਰੀਖਿਆ ਅਤੇ ਪੰਜਾਬ ਦੀ ਸਿੱਖਿਆ ਦੀ ਪ੍ਰਾਪਤੀ

ਸਕੂਲੀ ਸਿੱਖਿਆ ਦੀ ਤਰੀਫ਼ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵਾਰ ਨੀਟ ਪ੍ਰੀਖਿਆ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਬੱਚੇ ਪਾਸ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੇਪਰ ਲੀਕ ਨਾ ਹੁੰਦੇ, ਤਾਂ ਇਹ ਗਿਣਤੀ 1000 ਤੋਂ ਵੀ ਵੱਧ ਹੋਣੀ ਸੀ। ਇਸ ਦੇ ਨਾਲ ਹੀ ਉਨ੍ਹਾਂ ਖ਼ੁਸ਼ੀ ਸਾਂਝੀ ਕੀਤੀ ਕਿ ਸਕੂਲ ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਨੇ ਕੇਰਲ ਰਾਜ ਨੂੰ ਵੀ ਪਛਾੜ ਦਿੱਤਾ ਹੈ।

ਬੱਚਿਆਂ ਨੂੰ ਮੁੱਖ ਮੰਤਰੀ ਦਾ ਭਰੋਸਾ

ਆਪਣੇ ਸੰਬੋਧਨ ਦੇ ਅੰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਿਸੇ ਵੀ ਕੀਮਤ ਉੱਤੇ ਕੋਈ ਪੇਪਰ ਲੀਕ ਨਹੀਂ ਹੋਣ ਦੇਵੇਗੀ।