ਧੂਰੀ ਦੇ ਪਿੰਡ ਬਾਲੀਆਂ ‘ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਪੰਚਾਇਤ ਨੂੰ ₹57 ਲੱਖ ਦਾ ਚੈੱਕ ਸੌਂਪਿਆ

ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਧੂਰੀ ਦੇ ਪਿੰਡ ਬਾਲੀਆਂ ਵਿਖੇ ਹੋਈ ਲੋਕ ਮਿਲਣੀ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸ਼ਾਂਤੀ ਨਾਲ ਉਨ੍ਹਾਂ ਦਾ ਭਾਸ਼ਣ ਸੁਣਨ ਅਤੇ ਲੋਕ ਮਿਲਣੀ ਵਿੱਚ ਸ਼ਮੂਲੀਅਤ ਕਰਨ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਪਿੰਡ ਦੇ ਸਰਵਪੱਖੀ ਵਿਕਾਸ ਲਈ ਪੰਚਾਇਤ ਨੂੰ ₹57 ਲੱਖ ਦਾ ਚੈੱਕ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਬਿਜਲੀ ਅਤੇ ਸਿੰਚਾਈ ਨੂੰ ਲੈ ਕੇ ਸਰਕਾਰ ਦੇ ਦਾਅਵੇ

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਕੀਤੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਉਣ ਅਤੇ ਸੂਬੇ ਦੀ ਬਿਜਲੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਗਏ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਦੀ ਖਰੀਦ ਵੀ ਕੀਤੀ ਗਈ, ਜਿਸ ਨੂੰ ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ।

ਮੁੱਖ ਮੰਤਰੀ ਮੁਤਾਬਕ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਵੀ ਵਧਾਈ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪਹੁੰਚ 22 ਫੀਸਦੀ ਤੋਂ ਵਧ ਕੇ 88 ਫੀਸਦੀ ਤੱਕ ਹੋ ਗਈ ਹੈ।

ਵਿਰੋਧੀਆਂ ‘ਤੇ ਵੀ ਸਾਧਿਆ ਨਿਸ਼ਾਨਾ

ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ‘ਤੇ ਤਿੱਖੇ ਸਿਆਸੀ ਨਿਸ਼ਾਨੇ ਵੀ ਸਾਧੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਸੰਘਰਸ਼ ਦੌਰਾਨ ਮੁਸ਼ਕਲਾਂ ਵਿੱਚ ਛੱਡਣ, ਸੱਤਾ ਲਈ ਆਪਸ ਵਿੱਚ ਲੜਨ ਅਤੇ ਬੇਅਦਬੀਆਂ ਦੇ ਮੁੱਦਿਆਂ ਨਾਲ ਜੁੜੇ ਰਹੇ ਹਨ, ਉਹ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਦਿਨ-ਰਾਤ ਮਿਹਨਤ ਕਰਕੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੀ ਹੈ