CM ਮਾਨ ਨੇ ਫਿਰੋਜ਼ਪੁਰ ਫੀਡਰ ਨਹਿਰ ਦੇ ਪਹਿਲੇ ਪੜਾਅ ਦਾ ਕੀਤਾ ਉਦਘਾਟਨ

ਫ਼ਿਰੋਜ਼ਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਕਿਸਾਨਾਂ ਲਈ ਇੱਕ ਵੱਡਾ ਤੇ ਇਤਿਹਾਸਕ ਕਦਮ ਚੁੱਕਦਿਆਂ ਫ਼ਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ (Renovation) ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨੂੰ ਮਾਲਵਾ ਖੇਤਰ ਦੇ ਕਿਸਾਨਾਂ ਲਈ ਇੱਕ ‘ਬਹੁਮੁੱਲਾ ਤੋਹਫ਼ਾ’ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ

ਸਮਰੱਥਾ ਵਿੱਚ ਵਾਧਾ: ਨਹਿਰ ਦੀ ਸਮਰੱਥਾ 11,192 ਕਿਊਸਿਕ ਤੋਂ ਵਧ ਕੇ ਹੁਣ 13,873 ਕਿਊਸਿਕ ਹੋ ਗਈ ਹੈ। ਨਹਿਰ ਦੀ ਗਹਿਰਾਈ 18 ਫੁੱਟ ਤੋਂ ਵਧਾ ਕੇ 21 ਫੁੱਟ ਅਤੇ ਚੌੜਾਈ 163 ਫੁੱਟ ਤੋਂ ਵਧਾ ਕੇ 180 ਫੁੱਟ ਕਰ ਦਿੱਤੀ ਗਈ ਹੈ। 15 ਕਿਲੋਮੀਟਰ ਦੀ ਲਾਈਨਿੰਗ ਦਾ ਕੰਮ ਸਿਰਫ਼ 35 ਦਿਨਾਂ ਦੇ ਅੰਦਰ ਜੰਗੀ ਪੱਧਰ ‘ਤੇ ਮੁਕੰਮਲ ਕੀਤਾ ਗਿਆ। ਇਸ ਕਾਰਜ ਵਿੱਚ 126 ਸਰਕਾਰੀ ਅਧਿਕਾਰੀ ਅਤੇ ਲਗਭਗ 4,000 ਕਾਮੇ ਦਿਨ-ਰਾਤ ਜੁਟੇ ਰਹੇ

ਚਾਰ ਜ਼ਿਲ੍ਹਿਆਂ ਲਈ ਬਣੇਗੀ ‘ਵਰਦਾਨ’
ਮੁੱਖ ਮੰਤਰੀ ਨੇ ਕਿਹਾ ਕਿ ਹਰੀਕੇ ਹੈੱਡਵਰਕਸ ਤੋਂ ਨਿਕਲਣ ਵਾਲੀ ਇਹ ਨਹਿਰ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੀ ਕਿਸਾਨੀ ਲਈ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ, “ਪਹਿਲਾਂ ਖੇਤਾਂ ਤੱਕ ਸਿਰਫ਼ 21 ਫੀਸਦੀ ਨਹਿਰੀ ਪਾਣੀ ਪਹੁੰਚਦਾ ਸੀ, ਪਰ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਇਹ ਅੰਕੜਾ 68 ਫੀਸਦੀ ਤੱਕ ਪਹੁੰਚ ਗਿਆ ਹੈ।”

ਵਿਰੋਧੀਆਂ ‘ਤੇ ਤਿੱਖੇ ਨਿਸ਼ਾਨੇ
ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ:

ਪਿਛਲੀਆਂ ਸਰਕਾਰਾਂ ਨੇ ਨਹਿਰਾਂ ਦੀ ਮੁਰੰਮਤ ਜਾਂ ਕੰਕਰੀਟ ਲਾਈਨਿੰਗ ਵੱਲ ਕਦੇ ਧਿਆਨ ਨਹੀਂ ਦਿੱਤਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ ‘ਤੇ ਪੰਜਾਬ ਦੇ ਹਿੱਤ ਵੇਚਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੂੰ ਕਮੇਟੀ ਬਣਾਉਣ ਲਈ 11 ਮੈਂਬਰ ਨਹੀਂ ਮਿਲ ਰਹੇ, ਉਹ 117 ਸੀਟਾਂ ਜਿੱਤਣ ਦੇ ਸੁਪਨੇ ਦੇਖ ਰਹੀ ਹੈ

“ਅੱਜ ਮਾਲਵਾ ਦੇ ਲੋਕਾਂ ਲਈ ਖੁਸ਼ੀ ਦਾ ਦਿਨ ਹੈ। ਇਹ ਨਹਿਰ ਸਿਰਫ਼ ਖੇਤਾਂ ਨੂੰ ਹੀ ਨਹੀਂ, ਸਗੋਂ ਇਨਸਾਨਾਂ ਅਤੇ ਪਸ਼ੂਆਂ ਦੀਆਂ ਲੋੜਾਂ ਨੂੰ ਵੀ ਪੂਰਾ ਕਰੇਗੀ। ਪੰਜਾਬ ਦਾ ਹਿੱਤ ਸਾਡੇ ਲਈ ਸਭ ਤੋਂ ਉੱਪਰ ਹੈ।” – ਮੁੱਖ ਮੰਤਰੀ ਭਗਵੰਤ ਮਾਨ