ਪੰਜਾਬ ਕਾਂਗਰਸ ‘ਚ ਵੱਡੇ ਫੇਰਬਦਲ ਦੀ ਤਿਆਰੀ! ਹਾਈਕਮਾਂਡ ਨੂੰ ਸੌਂਪੀ ਗਈ ਰਿਪੋਰਟ, ਰਾਜਾ ਵੜਿੰਗ ਦੀ ਕੁਰਸੀ ‘ਤੇ ਸਸਪੈਂਸ

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਸਿਆਸੀ ਗਲਿਆਰਿਆਂ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਬਾ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਜਲਦ ਹੀ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਪੰਜਾਬ ਕਾਂਗਰਸ ਦੇ ਭਵਿੱਖ ਨੂੰ ਲੈ ਕੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ

ਤਿੰਨ ਮੈਂਬਰੀ ਆਬਜ਼ਰਵਰ ਕਮੇਟੀ ਨੇ ਸੌਂਪੀ ਫਾਈਨਲ ਰਿਪੋਰਟ
ਪੰਜਾਬ ਕਾਂਗਰਸ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਅੰਦਰੂਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਹਾਈਕਮਾਂਡ ਵੱਲੋਂ ਤਿੰਨ ਸੀਨੀਅਰ ਆਬਜ਼ਰਵਰ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਅਜੇ ਮਾਕਨ
  • ਮੀਨਾਕਸ਼ੀ ਨਟਰਾਜਨ
  • ਭਜਨ ਲਾਲ ਜਾਟਵ

ਇਨ੍ਹਾਂ ਤਿੰਨਾਂ ਆਗੂਆਂ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਪੰਜਾਬ ਦੇ ਜ਼ਮੀਨੀ ਹਾਲਾਤ ਅਤੇ ਹੇਠਲੇ ਪੱਧਰ ਦੇ ਵਰਕਰਾਂ ਦੀ ਨਬਜ਼ ਟੋਹਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਸੀ।

ਪੰਜਾਬ ਦੇ ਦਿੱਗਜ ਆਗੂਆਂ ਨਾਲ ਹੋਇਆ ਮੰਥਨ
ਆਬਜ਼ਰਵਰਾਂ ਨੇ ਪਿਛਲੇ ਤਿੰਨ ਦਿਨਾਂ ਵਿੱਚ ਪੰਜਾਬ ਕਾਂਗਰਸ ਦੇ ਤਕਰੀਬਨ ਸਾਰੇ ਛੋਟੇ-ਵੱਡੇ ਆਗੂਆਂ ਨਾਲ ਵਨ-ਟੂ-ਵਨ ਮੁਲਾਕਾਤ ਕੀਤੀ। ਇਸ ਦੌਰਾਨ ਸਾਬਕਾ ਸੂਬਾ ਪ੍ਰਧਾਨਾਂ, ਸਾਬਕਾ ਕੇਂਦਰੀ ਮੰਤਰੀਆਂ, ਮੌਜੂਦਾ ਅਤੇ ਸਾਬਕਾ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਸਮੇਤ ਜ਼ਿਲ੍ਹਾ ਪ੍ਰਧਾਨਾਂ ਦੇ ਵਿਚਾਰ ਸੁਣੇ ਗਏ। ਸਾਰੇ ਪੱਖਾਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਕਮੇਟੀ ਨੇ ਆਪਣੀ ਫਾਈਨਲ ਰਿਪੋਰਟ ਤਿਆਰ ਕਰਕੇ ਅੱਜ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੌਂਪ ਦਿੱਤੀ ਹੈ।

ਕੀ ਬਦਲੇਗੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ?
ਆਬਜ਼ਰਵਰਾਂ ਦੀ ਇਸ ਰਿਪੋਰਟ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਵੱਡੇ ਬਦਲਾਅ ਦੇ ਅਸਾਰ ਪੂਰੀ ਤਰ੍ਹਾਂ ਬਣ ਗਏ ਹਨ। ਸਿਆਸੀ ਹਲਕਿਆਂ ਵਿੱਚ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ:

ਕੀ ਪਾਰਟੀ ਹਾਈਕਮਾਂਡ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਹੀ ਦੁਬਾਰਾ ਭਰੋਸਾ ਜਤਾਏਗੀ?

ਜਾਂ ਫਿਰ ਸੂਬੇ ਦੀ ਵਾਗਡੋਰ ਕਿਸੇ ਨਵੇਂ ਚਿਹਰੇ ਦੇ ਹੱਥ ਵਿੱਚ ਸੌਂਪੀ ਜਾਵੇਗੀ?