ਅਮਰੀਕਾ ਤੋਂ ਨੌਜਵਾਨਾਂ ਦੀ ਡਿਪੋਰਟੇਸ਼ਨ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਫਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਈਡੀ ਦੀ ਜਲੰਧਰ ਜ਼ੋਨ ਟੀਮ ਨੇ ਡੌਂਕੀ ਰੂਟ ਕੇਸ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 13 ਰਿਹਾਇਸ਼ੀ ਤੇ ਵਪਾਰਕ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।
ਇਹ ਜਾਂਚ ਫਰਵਰੀ 2025 ਵਿੱਚ 330 ਭਾਰਤੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਦਰਜ FIR ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਨੌਜਵਾਨਾਂ ਨੂੰ ਡੌਂਕੀ ਰੂਟ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਭੇਜਿਆ ਗਿਆ ਸੀ, ਜਿਸ ਪਿੱਛੇ ਟਰੈਵਲ ਏਜੰਟਾਂ, ਵਿਚੋਲਿਆਂ, ਹਵਾਲਾ ਓਪਰੇਟਰਾਂ ਅਤੇ ਵਿਦੇਸ਼ੀ ਸਹਿਯੋਗੀਆਂ ਦਾ ਨੈੱਟਵਰਕ ਸਰਗਰਮ ਸੀ।
ਤਾਜ਼ਾ ਛਾਪਿਆਂ ਦੌਰਾਨ ਰਿਚੀ ਟਰੈਵਲਜ਼ (ਜਲੰਧਰ), ਤਰੁਣ ਖੋਸਲਾ (ਦਿੱਲੀ) ਅਤੇ ਬਲਵਾਨ ਸ਼ਰਮਾ (ਪਾਣੀਪਤ) ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈਡੀ ਨੇ ਪਹਿਲਾਂ ਹੀ 5.41 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ।

