ਮੋਗਾ ਦੇ ਕਿਸਾਨ ਦੀ ਬਦਲੀ ਕਿਸਮਤ: ਇਕੋ ਦਿਨ ਜਿੱਤੀਆਂ ਦੋ ਲਾਟਰੀਆਂ, 13 ਲੱਖ ਦਾ ਕਰਜ਼ਾ ਉਤਰੇਗਾ

ਮੋਗਾ : ਪੰਜਾਬ ਦੇ ਮੋਗਾ ਸ਼ਹਿਰ ਦੇ ਰਹਿਣ ਵਾਲੇ 65 ਸਾਲਾਂ ਕਿਸਾਨ ਚਰਨਜੀਤ ਸਿੰਘ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਸਿਰਫ਼ ਥੋੜ੍ਹੀ ਜਿਹੀ ਜ਼ਮੀਨ ‘ਤੇ ਖੇਤੀ ਕਰਕੇ ਗੁਜ਼ਾਰਾ ਕਰਨ ਵਾਲਾ ਅਤੇ 13 ਲੱਖ ਰੁਪਏ ਦੇ ਕਰਜ਼ੇ ਹੇਠ ਦੱਬਿਆ ਇਹ ਕਿਸਾਨ ਹੁਣ ਲੱਖਾਂ ਦਾ ਮਾਲਕ ਬਣ ਗਿਆ ਹੈ। ਇੱਕੋ ਦਿਨ ਵਿੱਚ ਦੋ ਲਾਟਰੀਆਂ ਜਿੱਤ ਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰ ਦਿੱਤਾ ਹੈ।

ਚਰਨਜੀਤ ਸਿੰਘ ਬਚਪਨ ਤੋਂ ਹੀ ਬੋਲਣ ਦੀ ਕਮਜ਼ੋਰੀ (ਮੁਸ਼ਕਲ) ਦਾ ਸਾਹਮਣਾ ਕਰ ਰਹੇ ਹਨ, ਪਰ ਉਨ੍ਹਾਂ ਨੇ ਕਦੇ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ। ਉਹ ਪਿਛਲੇ 17 ਸਾਲਾਂ ਤੋਂ ਲਗਾਤਾਰ ਇਸ ਉਮੀਦ ਨਾਲ ਲਾਟਰੀ ਟਿਕਟ ਖਰੀਦ ਰਹੇ ਸਨ ਕਿ ਇੱਕ ਦਿਨ ਉਨ੍ਹਾਂ ਦੇ ਪਰਿਵਾਰ ਦੇ ਦਿਨ ਫਿਰਨਗੇ। ਆਖਰਕਾਰ ਉਨ੍ਹਾਂ ਦੀ ਇਹ ਲੰਬੀ ਉਡੀਕ ਅਤੇ ਸਬਰ ਰੰਗ ਲਿਆਇਆ।

ਇਹ ਚਮਤਕਾਰ ਉਸ ਸਮੇਂ ਹੋਇਆ ਜਦੋਂ ਚਰਨਜੀਤ ਸਿੰਘ ਨੇ ਪਹਿਲਾਂ ₹20,000 ਦਾ ਲਾਟਰੀ ਇਨਾਮ ਜਿੱਤਿਆ। ਜਦੋਂ ਉਹ ਇਹ ਇਨਾਮ ਲੈਣ ਲਈ ਲਾਟਰੀ ਏਜੰਟ ਕੋਲ ਗਏ, ਤਾਂ ਏਜੰਟ ਨੇ ਉਨ੍ਹਾਂ ਨੂੰ ‘ਪੰਜਾਬ ਸਟੇਟ ਡੀਅਰ ਬੰਪਰ’ ਦੀ ਆਖਰੀ ਬਚੀ ਹੋਈ ਟਿਕਟ ਖਰੀਦਣ ਦੀ ਸਲਾਹ ਦਿੱਤੀ। ਚਰਨਜੀਤ ਸਿੰਘ ਨੇ ਬਿਨਾਂ ਝਿਜਕੇ ₹1,000 ਦੇ ਕੇ ਉਹ ਟਿਕਟ ਖਰੀਦ ਲਈ। ਇਸ ਆਖਰੀ ਟਿਕਟ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ ਅਤੇ ਉਨ੍ਹਾਂ ਨੇ ₹50 ਲੱਖ ਦਾ ਬੰਪਰ ਇਨਾਮ ਜਿੱਤ ਲਿਆ।

ਚਰਨਜੀਤ ਸਿੰਘ ਚਾਰ ਬੱਚਿਆਂ (ਦੋ ਪੁੱਤਰ ਅਤੇ ਦੋ ਧੀਆਂ) ਦੇ ਪਿਤਾ ਹਨ। ਉਨ੍ਹਾਂ ਦੇ ਚਚੇਰੇ ਭਰਾ ਸ਼ਮਸ਼ੇਰ ਸਿੰਘ ਮੱਟੂ ਜੌਹਲ ਨੇ ਦੱਸਿਆ ਕਿ ਚਰਨਜੀਤ ਬਹੁਤ ਹੀ ਇਮਾਨਦਾਰ ਅਤੇ ਨੇਕ ਇਨਸਾਨ ਹਨ। ਘੱਟ ਜ਼ਮੀਨ ਅਤੇ 13 ਲੱਖ ਰੁਪਏ ਦੇ ਕਰਜ਼ੇ ਕਾਰਨ ਪਰਿਵਾਰ ਕਾਫੀ ਪਰੇਸ਼ਾਨ ਸੀ, ਪਰ ਇਸ ਜਿੱਤ ਨੇ ਪੂਰੇ ਪਰਿਵਾਰ ਨੂੰ ਵੱਡੀ ਰਾਹਤ ਦਿੱਤੀ ਹੈ। ਚਰਨਜੀਤ ਸਿੰਘ ਹੁਣ ਆਪਣਾ ਸਾਰਾ ਕਰਜ਼ਾ ਲਾਹ ਕੇ ਆਪਣੇ ਪਰਿਵਾਰ ਨੂੰ ਇੱਕ ਵਧੀਆ ਤੇ ਸੁਖਾਲੀ ਜ਼ਿੰਦਗੀ ਦੇਣ ਲਈ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ।